ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ, ਜਹਾਜ਼ ਰਾਹੀਂ ਕੀਤੀ ਫੁੱਲਾਂ ਦੀ ਵਰਖਾ

01/31/2021 6:14:26 PM

ਅੰਮ੍ਰਿਤਸਰ (ਛੀਨਾ) - ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ 339 ਵੇਂ ਜਨਮ ਦਿਹਾੜੇ ਦੇ ਸਬੰਧ ’ਚ ਹਰ ਸਾਲ ਦੀ ਤਰਾਂ ਇਸ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਜਥੇ.ਬਾਵਾ ਸਿੰਘ ਗੁਮਾਨਪੁਰਾ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਸੰਗਤਾਂ ਦੇ ਸਹਿਯੋਗ ਸਦਕਾ ਗੁ. ਸ਼ਹੀਦਗੰਜ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ’ਚ ਸੰਗਤਾਂ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ, ਬੱਸਾਂ, ਟਰੱਕਾਂ ਆਦਿ ਵਾਹਨਾ ਨਾਲ ਸ਼ਾਮਲ ਹੋਈਆਂ। 

PunjabKesari

ਇਸ ਨਗਰ ਕੀਰਤਨ ’ਚ ਰੰਗ ਬਿਰੰਗੀਆਂ ਵਰਦੀਆਂ ’ਚ ਸੱਜੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਗੱਤਕਾ ਪਾਰਟੀਆਂ ਤੇ ਬੈਂਡ ਟੀਮਾ ਨੇ ਜਿਥੇ ਆਪਣੀ ਕਲਾ ਦੇ ਖੂਬ ਜੋਹਰ ਦਿਖਾਏ ਉਥੇ ਜਹਾਜ ਰਾਹੀਂ ਹੋਈ ਫੁੱਲਾਂ ਦੀ ਵਰਖਾ ਅਤੇ ਹਾਥੀ-ਘੋੜੇ ਵੀ ਅਲੋਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਇਹ ਨਗਰ ਕੀਰਤਨ ਵੱਖ-ਵੱਖ ਰਾਹਾਂ ਤੋਂ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ ਗੁ.ਪਹੂਵਿੰਡ ਸਾਹਿਬ ਪੁੱਜਾ, ਜਿਥੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸੰਗਤਾਂ ਲਈ ਕਈ ਤਰਾਂ ਦੇ ਪਕਵਾਨ ਤਿਆਰ ਕਰਕੇ ਲੰਗਰ ਵੀ ਲਗਾਏ ਗਏ। 

ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੇ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ 339 ਵੇਂ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਸਭ ਦੀਆ ਝੋਲੀਆ ਖੁਸ਼ੀਆ ਨਾਲ ਭਰਨ ਅਤੇ ਗੁਮਾਨਪੁਰਾ ਪਰਿਵਾਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਵੇਂ ਨਗਰ ਕੀਰਤਨ ਦੀ ਸੇਵਾ ਲੈਂਦੇ ਰਹਿਣ। ਇਸ ਸਮੇਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਬਾਬਾ ਨਾਹਰ ਸਿੰਘ ਸਾਧ ਜੀ, ਮੈਨੇਜਰ ਹਰਪ੍ਰੀਤ ਸਿੰਘ, ਮੈਨੇਜਰ ਲਾਲ ਸਿੰਘ, ਡੇਰਾ ਬਾਬਾ ਭੂਰੀ ਵਾਲਾ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ ਆਦਿ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜਰ ਸਨ।


rajwinder kaur

Content Editor

Related News