ਬਾਬਾ ਬੁੱਢਾ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਚੁੱਕੀ ਨਸ਼ਿਆਂ ਵਿਰੋਧ ਸਹੁੰ

03/23/2018 6:09:46 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਭਾਰਤ ਦੇ ਸੁਤੰਤਰਤਾ ਸੰਗਰਾਮੀ ਯੋਧਿਆਂ ਅਤੇ ਨੌਜਵਾਨਾਂ ਦੇ ਆਦਰਸ਼ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਸ਼ਾ ਮੁਕਤ ਪੰਜਾਬ ਬਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਗਈ (ਡੈਪੋ) ਮੁਹਿੰਮ ਰਾਹੀਂ ਨਸ਼ਿਆਂ ਦੀ ਰੋਕਥਾਮ ਲਈ ਬਾਬਾ ਬੁੱਢਾ ਜੀ ਕਾਲਜ ਬੀੜ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪ੍ਰਿਸੀਪਲ ਡਾ. ਵਰਿਆਮ ਸਿੰਘ ਬੱਲ ਅਤੇ ਸਿੱਖਿਆ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਦੀ ਅਗਵਾਈ 'ਚ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਾਇਆ ਗਿਆ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਮੂਹ ਵਿੱਦਿਅਕ ਸਟਾਫ ਅਤੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦੀ ਸੌਂਹ ਚੁੱਕੀ। ਪਿੰ੍ਰਸੀਪਲ ਡਾ. ਵਰਿਆਮ ਸਿੰਘ ਬੱਲ ਨੇ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਜੋ ਉਪਰਾਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਪੰਜਾਬ ਦੇ ਬਹੁਤ ਸਾਰੇ ਘਰ ਬਰਬਾਦ ਕੀਤੇ ਹੋਏ ਹਨ ਅਤੇ ਜੋ ਲੋਕ ਇਸ ਵੇਲੇ ਨਸ਼ੇ ਦਾ ਸੰਤਾਪ ਭੋਗ ਰਹੇ ਹਨ, ਉਨ੍ਹਾਂ ਕਿਹਾ ਕਿ ਲੋਕਾਂ ਦੀ ਹਾਲਤ ਕਿਸੇ ਕੋਲੋਂ ਛੁਪੀ ਹੋਈ ਨਹੀਂ ਹੈ।ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਅੱਜ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਹਰੇਕ ਵਿਅਕਤੀ ਨਸ਼ਿਆਂ ਵਿਰੋਧ ਆਪਣਾ ਵੱਡਮੁੱਲਾ ਯੋਗਦਾਨ ਜ਼ਰੂਰ ਪਾਵੇ ਤਾਂ ਜੋ ਆਉਣ ਵਾਲੀਆਂ ਪੀੜੀਆ ਲਈ ਇਕ ਖੁਸ਼ਹਾਲ ਪੰਜਾਬ ਦੀ ਸਿਰਜਨਾ ਹੋ ਸਕੇ। ਇਸ ਮੌਕੇ ਪ੍ਰੋ. ਰਾਜਵਿੰਦਰਜੀਤ ਸਿੰਘ ਖਹਿਰਾ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਇੰਦਰਜੀਤ ਸਿੰਘ ਢਿੱਲੋਂ, ਪ੍ਰੋ. ਕਰਨਜੀਤ ਸਿੰਘ, ਪ੍ਰੋ. ਅਮਰਬੀਰ ਸਿੰਘ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਅਮਰਜੀਤ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਮਨਿੰਦਰ ਕੌਰ,. ਪ੍ਰੋ. ਜੋਬਨਜੀਤ ਕੌਰ, ਪ੍ਰੋ. ਰਮਨਦੀਪ ਕੌਰ ਅਤੇ ਪ੍ਰੋ. ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ 'ਚ ਕਾਲਜ ਦੇ ਵਿਦਿਆਰਥੀ ਅਤੇ ਇਲਾਕੇ ਭਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।