ਅੰਮਿ੍ਤਸਰ : ਬਿਆਸ ਦੇ ਸਰਪੰਚ ’ਤੇ ਕਾਤਲਾਨਾ ਹਮਲਾ, ਗੰਨਮੈਨ ਵਲੋਂ ਲਲਕਾਰਨ ’ਤੇ ਮੌਕੇ ਤੋਂ ਦੌੜੇ ਹਮਲਾਵਰ

05/04/2021 7:13:19 PM

ਰਈਆ (ਹਰਜੀਪ੍ਰੀਤ)-ਕਸਬਾ ਬਿਆਸ ਦੇ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ’ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਕਾਤਲਾਨਾ ਹਮਲਾ ਕੀਤੇ ਜਾਣ ਅਤੇ ਉਸ ਦੇ ਗੰਨਮੈਨ ਵੱਲੋਂ ਲਲਕਾਰੇ ਜਾਣ ’ਤੇ ਹਮਲਾਵਰਾਂ ਦੇ ਮੌਕੇ ਤੋਂ ਫਰਾਰ ਹੋਣ ਦਾ ਸਮਾਚਾਰ ਹੈ। ਅੱਜ ਬਿਆਸ ਦੇ ਪੰਚਾਇਤ ਘਰ ’ਚ ਹਲਕਾ ਵਿਧਾਇਕ ਦੇ ਪੀ. ਏ. ਗੁਰਕੰਵਲ ਮਾਨ ਤੇ ਇਲਾਕੇ ਦੇ ਪੰਚਾਂ-ਸਰਪੰਚਾਂ ਦੀ ਮੌਜੂਦਗੀ ’ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਬਿਆਸ ਸਰਿੰਦਰਪਾਲ ਸਿੰਘ ਲੱਡੂ ਨੇ ਦੱਸਿਆ ਕਿ ਉਹ ਸੋਮਵਾਰ ਦੀ ਸਵੇਰ ਤਕਰੀਬਨ 10.30 ਵਜੇ ਆਪਣੀ ਇਨੋਵਾ ਗੱਡੀ ’ਚ ਆਪਣੇ ਗੰਨਮੈਨ ਹਜਾਰਾ ਸਿੰਘ ਨਾਲ ਦਰਿਆ ਬਿਆਸ ਦੇ ਕੰਢੇ ’ਤੇ ਸਥਿਤ ਪੰਚਾਇਤੀ ਜ਼ਮੀਨ ’ਚ ਗੇੜਾ ਮਾਰਨ ਲਈ ਗਏ ਸਨ। ਸਾਡੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਥੇ ਇਕ ਇਨੋਵਾ ਗੱਡੀ ਖੜ੍ਹੀ ਸੀ। ਜਦੋਂ ਅਸੀਂ ਆਪਣੀ ਗੱਡੀ ’ਚੋਂ ਉਤਰ ਕੇ ਪਤਾ ਕਰਨ ਲਈ ਉਨ੍ਹਾਂ ਵੱਲ ਗਏ ਤਾਂ ਉਨ੍ਹਾਂ ਨੇ ਇਨੋਵਾ ਗੱਡੀ ਸਟਾਰਟ ਕਰ ਕੇ ਮੇਰੇ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਮੈਂ ਆਪਣੀ ਜਾਨ ਬਚਾਉਣ ਲਈ ਦਰਿਆ ਵੱਲ ਦੌੜ ਪਿਆ ਤੇ ਜ਼ਮੀਨ ’ਤੇ ਡਿੱਗ ਗਿਆ।

ਇਸ ਦੌਰਾਨ ਗੱਡੀ ’ਚੋਂ ਦੋ ਵਿਅਕਤੀ ਲੋਹੇ ਦੀ ਰਾਡ ਲੈ ਕੇ ਬਾਹਰ ਨਿਕਲੇ ਤੇ ਲਲਕਾਰਾ ਮਾਰਿਆ ਕਿ ‘ਇਹੋ ਹੀ ਬਿਆਸ ਦਾ ਸਰਪੰਚ ਹੈ ਸੁੱਕਾ ਨਾ ਜਾਵੇ’ਤੇ ਸਾਡੇ ’ਤੇ ਹਮਲਾ ਕਰ ਦਿੱਤਾ।ਉਨ੍ਹਾਂ ਵਿਚੋਂ ਇੱਕ ਨੇ ਮੇਰੇ ਗੰਨਮੈਨ ਦੀ ਅਸਾਲਟ ਰਾਈਫਲ ਖੋਹ ਕੇ ਦਰਿਆ ’ਚ ਸੁੱਟ ਦਿੱਤੀ।ਇਸੇ ਸਮੇਂ ਮੇਰਾ ਗੰਨਮੈਨ ਉਨ੍ਹਾਂ ਨਾਲ ਉਲਝ ਪਿਆ ਤੇ ਮੈਂ ਬਿਆਸ ਪੁਲਸ ਨੂੰ ਸੂਚਿਤ ਕਰ ਦਿੱਤਾ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਹਮਲਾਵਰਾਂ ਨੂੰ ਪਛਾਣੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਸਰਪੰਚੀ ਦੌਰਾਨ ਜਿਨ੍ਹਾਂ ਲੋਕਾਂ ਕੋਲੋਂ ਪੰਚਾਇਤੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਾਏ ਗਏ ਹਨ, ਇਹ ਉਨ੍ਹਾਂ ਦੀ ਕਰਤੂਤ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਬਾਰੇ ਮੈਂ ਸਮੇਂ-ਸਮੇਂ ’ਤੇ ਪੁਲਸ ਨੂੰ ਸੂਚਿਤ ਕਰ ਚੁੱਕਾ ਹਾਂ। ਬਿਆਸ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਥਿਤ ਦੋਸ਼ੀਆਂ ਖਿਲਾਫ ਧਾਰਾ 379-ਬੀ,323,349,186,34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਰਾਜੀਵ ਕੁਮਾਰ ਬਬਲੂ, ਨਿਰਮਲ ਸਿੰਘ ਪੱਡੇ, ਰਘਬੀਰ ਸਿੰਘ ਢਿੱਲੋਂ ਸਰਪੰਚ ਬੁੱਢਾ ਥੇਹ, ਹਰਪ੍ਰੀਤ ਸਿੰਘ ਸੋਨੂੰ ਸਰਪੰਚ, ਬਾਬਾ ਸਾਵਣ ਸਿੰਘ ਨਗਰ, ਬਾਬਾ ਗੁਰਬਖਸ਼ ਸਿੰਘ, ਸੰਦੀਪ ਕੁਮਾਰ ਪੰਚ, ਅਮਰਜੀਤ ਸਿੰਘ ਪੰਚ, ਓਂਕਾਰ ਨਾਥ ਸ਼ਰਮਾ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।


Manoj

Content Editor

Related News