ਪੁਲਸ ਦੇ ਨਾਂ ''ਤੇ 50 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲਾ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ

08/13/2019 7:45:55 PM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਇਕ ਔਰਤ ਦੀ ਮੌਤ ਸਬੰਧੀ ਪੁਲਸ ਦੇ ਨਾਂ 'ਤੇ 50 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਦੂਜੇ ਮੁਲਜ਼ਮ ਨੂੰ ਵੀ ਕਲਾਨੌਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਠੇ ਖੁਸ਼ਹਾਲਪੁਰ ਵਜੋਂ ਹੋਈ। ਜਾਣਕਾਰੀ ਅਨੁਸਾਰ 28/29 ਮਈ 2019 ਦੀ ਰਾਤ ਨੂੰ ਕਲਾਨੌਰ ਵਾਸੀ ਹਰਪ੍ਰੀਤ ਕੌਰ ਪੁੱਤਰੀ ਜਗਦੀਪ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਜਾਂਚ ਕਰ ਰਹੀ ਸੀ ਤਾਂ ਮੁਲਜ਼ਮ ਵਿਜੇ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਕਲਾਨੌਰ ਅਤੇ ਹਰਜੀਤ ਸਿੰਘ ਉਰਫ਼ ਜੀਤ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਠੇ ਖੁਸ਼ਹਾਲਪੁਰ ਨੇ ਸਤਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਰਜੇਚੱਕ ਨੂੰ ਕਿਹਾ ਕਿ ਹਰਪ੍ਰੀਤ ਕੌਰ ਦੀ ਮੌਤ ਸਬੰਧੀ ਪੁਲਸ ਜਾਂਚ 'ਚ ਤੇਰੇ ਪੁੱਤਰ ਧਰਮਿੰਦਰ ਸਿੰਘ ਦਾ ਨਾਮ ਆ ਰਿਹਾ ਹੈ।

ਸਾਡੀ ਪੁਲਸ ਨਾਲ ਕਾਫੀ ਜਾਣ-ਪਛਾਣ ਹੈ ਅਤੇ ਤੁਸੀਂ 1 ਲੱਖ ਰੁਪਏ ਦਾ ਪ੍ਰਬੰਧ ਕਰ ਲਉ ਤੇਰੇ ਪੁੱਤਰ ਨੂੰ ਪੁਲਸ ਕੇਸ ਤੋਂ ਬਚਾ ਲਿਆ ਜਾਵੇਗਾ। ਸਤਵਿੰਦਰ ਨੇ ਜ਼ਮੀਨ ਗਹਿਣੇ ਰੱਖ ਕੇ ਦੋਵਾਂ ਨੂੰ 30 ਮਈ 2019 ਨੂੰ ਮੁਲਜ਼ਮ ਵਿਜੇ ਕੁਮਾਰ ਦੀ ਆੜ੍ਹਤ ਦੀ ਦੁਕਾਨ 'ਤੇ ਜਾ ਕੇ 50 ਹਜ਼ਾਰ ਰੁਪਏ ਦਿੱਤੇ। ਜਦ ਰਾਸ਼ੀ ਦਿੱਤੀ ਗਈ ਤਾਂ ਦੂਸਰਾ ਮੁਲਜ਼ਮ ਹਰਜੀਤ ਸਿੰਘ ਵੀ ਉੱਥੇ ਮੌਜੂਦ ਸੀ। ਪਰ ਇਸ ਕੇਸ ਦੀ ਜਾਂਚ 'ਚ ਪੁਲਸ ਨੇ ਪਾਇਆ ਕਿ ਧਰਮਿੰਦਰ ਸਿੰਘ ਦੀ ਉਕਤ ਔਰਤ ਨਾਲ ਦੋਸਤੀ ਸੀ ਅਤੇ ਉਸਨੇ ਆਪਣੇ ਸਾਥੀ ਵਿਜੇ ਕੁਮਾਰ ਨਾਲ ਮਿਲ ਕੇ ਆਪ ਵੀ ਨਸ਼ਾ ਕੀਤਾ ਅਤੇ ਹਰਪ੍ਰੀਤ ਕੌਰ ਨੂੰ ਵੀ ਨਸ਼ੇ ਦੀ ਡੋਜ਼ ਦੇ ਦਿੱਤੀ।
ਪਰ ਨਸ਼ੇ ਦੀ ਡੋਜ਼ ਜ਼ਿਆਦਾ ਹੋਣ ਕਾਰਣ ਹਰਪ੍ਰੀਤ ਦੀ ਮੌਤ ਹੋ ਗਈ ਸੀ। ਮੁਲਜ਼ਮਾਂ ਨੇ ਲਾਸ਼ ਖੁਰਦ-ਬੁਰਦ ਕਰਨ ਲਈ ਸੜਕ 'ਤੇ ਸੁੱਟ ਦਿੱਤੀ ਸੀ। ਵਿਜੇ ਅਤੇ ਹਰਜੀਤ ਵਿਰੁੱਧ ਕੇਸ ਦਰਜ ਕਰ ਕੇ ਵਿਜੇ ਨੂੰ ਤਾਂ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਦੂਜੇ ਪਾਸੇ ਹਰਜੀਤ ਨੂੰ ਪੁਲਸ ਨੇ ਅੱਜ ਗ੍ਰਿਫ਼ਤਾਰ ਕੀਤਾ।

Karan Kumar

This news is Content Editor Karan Kumar