ਮੀਂਹ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਨੇ ਕੀਤਾ ਵਿਧਾਇਕ ਦੇ ਘਰ ਦਾ ਘਿਰਾਓ, ਮੁੱਖ ਮੰਤਰੀ ਨੂੰ ਖੂਨ ਨਾਲ ਲਿਖਿਆ ਮੰਗ ਪੱਤਰ

07/28/2021 5:00:18 PM

ਗੁਰਦਾਸਪੁਰ (ਹਰਮਨ): ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਗੁਰਦਾਸਪੁਰ ਨੇ ਭਾਰੀ ਬਾਰਿਸ਼ ਦੀ ਪਰਵਾਹ ਕੀਤੇ ਬਗੈਰ ਆਪਣੇ ਕੀਤੇ ਹੋਏ ਐਲਾਨ ਮੁਤਾਬਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਸਾਹਮਣੇ ਭੁੱਖ ਹੜਤਾਲ ਰੱਖੀ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਿੱਥੇ ਉਕਤ ਪ੍ਰਦਰਸ਼ਨਕਾਰੀ ਵਰਕਰ ਬਾਰਿਸ਼ ਦੌਰਾਨ ਖੁੱਲ੍ਹੇ ਆਸਮਾਨ ਹੇਠ ਬੈਠੀਆਂ ਰਹੀਆਂ ਉਸ ਦੇ ਨਾਲ ਹੀ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੇ ਵੀ ਬਾਰਿਸ਼ ਦੌਰਾਨ ਹੀ ਇਨ੍ਹਾਂ ਵਰਕਰਾਂ ਕੋਲੋਂ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਕਿ ਸਰਕਾਰ ਕੋਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ।

ਇਸ ਮੌਕੇ ਬਲਾਕ ਪ੍ਰਧਾਨ ਸੁਨਿਰਮਲ ਕੌਰ ਦੀ ਅਗਵਾਈ ਹੇਠ ਜਿਥੇ ਆਂਗਣਵਾੜੀ ਵਰਕਰਾਂ ਵੱਡੀ ਗਿਣਤੀ ਵਿਚ ਪਹੁੰਚੀਆਂ।ਉਸ ਦੇ ਨਾਲ ਹੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਵੀ ਵਿਸ਼ੇਸ ਤੌਰ 'ਤੇ ਪਹੁੰਚ ਕੇ ਸੰਬੋਧਨ ਕੀਤਾ। ਸਮੂਹ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਮੰਗ ਪੱਤਰ ਲਿਖਿਆ ਜਿਸ ਦੇ ਬਾਅਦ ਇਹ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣ ਲਈ ਵਿਧਾਇਕ ਦੇ ਪਿਤਾ ਨੂੰ ਸੌਂਪਿਆ। ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ 2017 ਵਿੱਚ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਜੋ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ, ਉਨ੍ਹਾਂ ਨੂੰ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ। ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ ਭੱਤਾ ਦਿੱਤਾ ਜਾਵੇ। ਐਨ.ਜੀ.ਓ. ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ।

ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਅਤੇ ਹੈਲਪਰ ਨੂੰ 500 ਰੁਪਏ ਅਤੇ 250 ਰੁਪਏ ਦਿੱਤੇ ਜਾਣ। ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ। ਪੀ.ਐਮ.ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਿਲੀਜ਼ ਕੀਤੇ ਜਾਣ। 2015 ਵਿੱਚ ਗਲਤ ਸਰਟੀਫਿਕੇਟ ਪੇਸ਼ ਕਰਕੇ ਵਰਕਰ ਤੋਂ ਸੁਪਰਵਾਈਜਰ ਬਣੀਆਂ ਜਿਹੜੀਆਂ ਸੁਪਰਵਾਈਜਰਾਂ ਖਿਲਾਫ਼ ਮਹਿਕਮੇ ਵੱਲੋਂ ਪੂਰੀ ਪੜਤਾਲ ਕੀਤੀ ਜਾ ਚੁੱਕੀ ਹੈ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰਕੇ ਜਾਅਲਸਾਜੀ ਦੀਆਂ ਧਰਾਵਾਂ ਅਧੀਨ ਪਰਚੇ ਦਰਜ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ। ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ, ਉਹ ਇੱਕ ਰੁਪਇਆ ਕੀਤਾ ਜਾਵੇ। ਯੂਨੀਅਨ ਦੀਆਂ ਆਗੂਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਦੋ ਦਿਨ ਭੁੱਖ ਹੜਤਾਲ ਰੱਖੀ ਜਾਵੇਗੀ ਅਤੇ ਖੂਨ ਨਾਲ ਲਿਖ ਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਪਰਮਜੀਤ ਕੌਰ, ਸੁਖਮਨ ਕੌਰ, ਹਰਸਰਨ ਕੌਰ, ਕੰਵਲਜੀਤ ਕੌਰ, ਸਰਬਜੀਤ ਕੌਰ ਦੋਰਾਂਗਲਾ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ ਤੇ ਕੁਲਜਿੰਦਰ ਕੌਰ ਆਦਿ ਆਗੂ ਮੌਜੂਦ ਸਨ।

Shyna

This news is Content Editor Shyna