ਆਖਿਰ ਰੇਲ ਹਾਦਸੇ ਦੇ ਮ੍ਰਿਤਕਾਂ ਦਾ ਜ਼ਿੰਮੇਵਾਰ ਕੌਣ?

02/11/2019 12:23:04 AM

ਅੰਮ੍ਰਿਤਸਰ(ਜਸ਼ਨ)— ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਜੌੜਾ ਰੇਲਵੇ ਫਾਟਕ ਕੋਲ ਰੇਲ ਟ੍ਰੈਕ 'ਤੇ ਹੋਏ ਹਾਦਸੇ ਨੂੰ 3 ਮਹੀਨੇ ਲੰਘ ਚੁੱਕੇ ਹਨ ਪਰ ਅਜੇ ਤੱਕ ਇਹ ਪਤਾ ਨਹੀ ਲੱਗ ਸਕਿਆ ਕਿ ਆਖਿਰ ਇਸ ਵੱਡੇ ਹਾਦਸੇ ਦਾ ਅਸਲ ਦੋਸ਼ੀ ਕੀ ਰੇਲ ਟ੍ਰੈਕ 'ਤੇ ਖੜ੍ਹੇ ਹੋਣ ਵਾਲੇ ਉਹ ਲੋਕ ਹਨ ਜੋ ਮੌਤ ਦੇ ਆਗੋਸ਼ 'ਚ ਚਲੇ ਗਏ ਜਾਂ ਫਿਰ ਉਹ ਡੀ. ਐੱਮ. ਯੂ. ਦਾ ਚਾਲਕ, ਜੋ ਦੂਰੋਂ ਟ੍ਰੈਕ 'ਤੇ ਖੜ੍ਹੀ ਭੀੜ ਨਾ ਦੇਖ ਸਕਿਆ ਜਾਂ ਫਿਰ ਜੌੜਾ ਰੇਲਵੇ ਫਾਟਕ ਦਾ ਗੇਟਮੈਨ, ਜੋ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਆਪਣਾ ਸਮਾਜਿਕ ਫਰਜ਼ ਠੀਕ ਢੰਗ ਨਾਲ ਅਦਾ ਨਹੀਂ ਕਰ ਸਕਿਆ।
ਵਰਣਨਯੋਗ ਹੈ ਕਿ ਇਸ ਕਾਂਡ 'ਚ 60 ਲੋਕਾਂ ਦੀ ਮੌਤ ਹੋ ਗਈ ਸੀ ਤੇ ਅਣਗਿਣਤ ਲੋਕ ਜ਼ਖਮੀ ਹੋਏ ਸਨ। ਫਿਲਹਾਲ ਇਸ ਦੁਖਦ ਕਾਂਡ ਕਾਰਨ ਰਾਜਨੀਤੀ ਵੀ ਖੂਬ ਹੋਈ ਤੇ ਹੁਣ ਵੀ ਚੱਲ ਰਹੀ ਹੈ। ਇਸ ਕਾਂਡ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੰਜਾਬ ਸਰਕਾਰ ਤੋਂ ਇਲਾਵਾ ਰੇਲਵੇ ਮੰਤਰਾਲੇ ਵੱਲੋਂ ਵੀ ਜਾਂਚ ਕਰਵਾਈ ਗਈ ਸੀ ਪਰ ਰੇਲ ਮੰਤਰਾਲੇ ਵੱਲੋਂ ਕਰਵਾਈ ਗਈ ਜਾਂਚ ਵਿਚ ਵੀ ਉਹ ਲੋਕ ਹੀ ਜ਼ਿਆਦਾ ਦੋਸ਼ੀ ਪਾਏ ਗਏ, ਜੋ ਰੇਲਵੇ ਨਿਯਮਾਂ ਨੂੰ ਦਰਕਿਨਾਰ ਕਰ ਕੇ ਰੇਲ ਟ੍ਰੈਕ 'ਤੇ ਖੜ੍ਹੇ ਹੋ ਕੇ ਦੁਸਹਿਰੇ ਦਾ ਤਿਉਹਾਰ ਤੇ ਰਾਵਣ ਸਾੜਨ ਦੌਰਾਨ ਆਪਣੀਆਂ ਸੈਲਫੀਆਂ ਖਿੱਚ ਰਹੇ ਸਨ। ਹਾਲਾਂਕਿ ਇਸ ਤੋਂ ਬਾਅਦ ਰੇਲਵੇ ਸਟੇਸ਼ਨ ਸਥਿਤ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਸੀ ਪਰ ਇਸ ਦੀ ਜਾਂਚ ਉਨ੍ਹਾਂ ਨੇ ਠੰਡੇ ਬਸਤੇ ਵਿਚ ਹੀ ਰੱਖੀ ਹੈ।
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਮੈਜਿਸਟ੍ਰੇਟ ਜਾਂਚ ਦੌਰਾਨ ਵੀ ਰੇਲਵੇ ਦੇ ਗੇਟਮੈਨ, ਡੀ. ਐੱਮ. ਯੂ. ਰੇਲ ਗੱਡੀ ਦੇ ਡਰਾਈਵਰ ਤੇ ਪ੍ਰੋਗਰਾਮ ਦੇ ਪ੍ਰਬੰਧਕਾਂ 'ਤੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਫਿਰ ਵੀ ਅਜੇ ਤੱਕ ਕਿਸੇ 'ਤੇ ਵੀ ਬਾਈਨਾਮ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਹੁਣ ਆਰ. ਪੀ. ਐੱਫ. (ਰੇਲਵੇ ਪੁਲਸ ਬਲ) ਵੱਲੋਂ ਵੀ ਆਈ ਰਿਪੋਰਟ ਵਿਚ ਲੋਕਾਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋ ਕਿ ਰੇਲਵੇ ਲਾਈਨਾਂ 'ਤੇ ਹੀ ਖੜ੍ਹੇ ਹੋ ਕੇ ਰੇਲਵੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਾਵਣ ਆਦਿ ਦੇ ਪੁਤਲਿਆਂ ਨੂੰ ਸੜਦੇ ਹੋਏ ਦੇਖ ਰਹੇ ਸਨ। ਦੱਸ ਦੇਈਏ ਕਿ ਹਾਦਸੇ ਵਾਲੀ ਥਾਂ ਤੋਂ ਹੀ ਕਾਂਡ ਦੇ ਕੁਝ ਸਮਾਂ ਪਹਿਲਾਂ ਜਦੋਂ ਹਾਵੜਾ ਟਰੇਨ ਲੰਘੀ ਤਾਂ ਉਸ ਦੀ ਰਫਤਾਰ ਘੱਟ ਸੀ ਤੇ ਉਦੋਂ ਵੀ ਹਨੇਰਾ ਹੋ ਚੁੱਕਾ ਸੀ। ਇਸ ਦੌਰਾਨ ਉਸ ਦਾ ਨੈਤਿਕ ਫਰਜ਼ ਬਣਦਾ ਸੀ ਕਿ ਉਹ ਤੁਰੰਤ ਅੰਮ੍ਰਿਤਸਰ ਰੇਲਵੇ ਨੂੰ ਸੂਚਿਤ ਕਰਦਾ ਕਿ ਟ੍ਰੈਕ 'ਤੇ ਬਹੁਤ ਭਾਰੀ ਭੀੜ ਹੈ, ਦੂਜੀ ਟਰੇਨ ਦੇ ਡਰਾਈਵਰ ਨੂੰ ਸੂਚਿਤ ਕੀਤਾ ਜਾਵੇ ਪਰ ਉਸ ਨੇ ਅਜਿਹਾ ਨਹੀਂ ਕੀਤਾ।
ਉਥੇ ਹੀ ਦੂਜੇ ਪਾਸੇ ਹਾਦਸੇ ਵਾਲੀ ਡੀ. ਐੱਮ. ਯੂ. ਟਰੇਨ ਦੇ ਚਾਲਕ ਨੇ ਆਪਣੀ ਗੱਲ ਕਹਿੰਦਿਆਂ ਦੱਸਿਆ ਸੀ ਕਿ ਟਰੇਨ ਦੀ ਰਫਤਾਰ ਹੌਲੀ ਕੀਤੀ ਸੀ, ਜਿਸ ਉਪਰ ਲੋਕਾਂ ਨੇ ਪਥਰਾਅ ਕਰ ਦਿੱਤਾ। ਫਿਲਹਾਲ ਰਿਪੋਰਟ ਜੋ ਵੀ ਆਈ ਹੈ, ਹੁਣ ਤੱਕ ਇਸ ਦੁਖਦ ਹਾਦਸੇ ਦੇ ਅਸਲੀ ਜ਼ਿੰਮੇਵਾਰ ਸਾਹਮਣੇ ਨਹੀਂ ਆ ਸਕੇ ਪਰ ਹੁਣ 3 ਮਹੀਨਿਆਂ ਬਾਅਦ ਰੇਲਵੇ ਦੀ ਆਰ. ਪੀ. ਐੱਫ. ਦੇ ਡੀ. ਜੀ. (ਡਾਇਰੈਕਟਰ ਜਨਰਲ ਆਫ ਰੇਲਵੇ) ਨੇ ਫਿਰ ਤੋਂ ਰੇਲ ਟ੍ਰੈਕ 'ਤੇ ਖੜ੍ਹੇ ਲੋਕਾਂ ਨੂੰ ਹੀ ਮੁੱਖ ਤੌਰ 'ਤੇ ਇਸ ਦਾ ਜ਼ਿੰਮੇਵਾਰ ਦੱਸਿਆ ਹੈ। ਇਸ ਬਿਆਨ ਕਾਰਨ ਰੇਲ ਹਾਦਸੇ ਦੇ ਪੀੜਤਾਂ ਦੇ ਜ਼ਖਮ ਫਿਰ ਤੋਂ ਹਰੇ ਹੋ ਗਏ ਹਨ ਤੇ ਐਤਵਾਰ ਨੂੰ ਉਥੇ ਕਿਆਸ ਲੱਗਦੇ ਰਹੇ ਕਿ ਆਖਿਰ ਇਸ ਦਾ ਅਸਲ ਦੋਸ਼ੀ ਕੌਣ ਸੀ ਪਰ ਆਰ. ਪੀ. ਐੱਫ. ਦੇ ਇਕ ਵੱਡੇ ਅਧਿਕਾਰੀ ਨੇ ਫਿਰ ਤੋਂ ਲੋਕਾਂ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾ ਕੇ ਇਸ ਮਾਮਲੇ ਨੂੰ ਫਿਰ ਹਵਾ ਦੇ ਦਿੱਤੀ ਹੈ।