ਕਬਜ਼ੇ ਦੀ ਕੋਸ਼ਿਸ਼ : ਰਾਤੋ-ਰਾਤ ਗੁਆਂਢੀ ਦੀ ਕੰਧ ਤੋੜ ਕੇ ਜੜਿਆ ਤਾਲਾ

10/16/2020 12:21:09 PM

ਅੰਮ੍ਰਿਤਸਰ (ਅਨਜਾਣ) :  ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਵਾਲੀ ਬਾਹੀ ਸ਼ਨੀ ਮੰਦਿਰ ਨੇੜੇ ਕਬਜ਼ੇ ਦੀ ਨੀਅਤ ਨਾਲ ਕੁਲਫ਼ੀ ਵੇਚਣ ਵਾਲੇ ਦੁਕਾਨਦਾਰ ਦੇ ਗੁਆਂਢੀ ਨੇ ਰਾਤ ਨੂੰ ਕੰਧ ਤੋੜ ਕੇ ਉਸਦੀ ਦੀ ਦੁਕਾਨ ਨੂੰ ਤਾਲਾ ਜੜ ਦਿੱਤਾ। ਦੁਕਾਨਦਾਰ ਪਰਵਿੰਦਰ ਸਿੰਘ ਨੰਦਾ ਨੇ ਦੱਸਿਆ ਕਿ ਮੇਰਾ ਗੁਆਂਢੀ ਜੁੱਤੀਆਂ ਵੇਚਣ ਦਾ ਕੰਮ ਕਰਦਾ ਹੈ, ਜਿਸ ਨੇ ਰਾਤੋ-ਰਾਤ ਕਬਜ਼ੇ ਦੀ ਨੀਅਤ ਨਾਲ ਮੇਰੀ ਦੁਕਾਨ ਦੀ ਕੰਧ ਤੋੜ ਕੇ ਮੇਰੀ ਦੁਕਾਨ ਨੂੰ ਤਾਲਾ ਜੜ ਦਿੱਤਾ ਹੈ। ਨੰਦਾ ਨੇ ਦੱਸਿਆ ਕਿ ਉਸ ਨੇ ਇਸਦੀ ਸ਼ਿਕਾਇਤ ਮਾਣਯੋਗ ਕਮਿਸ਼ਨਰ ਅਤੇ ਥਾਣਾ ਕੋਤਵਾਲੀ ਵਿਖੇ ਦਿੱਤੀ ਸੀ, ਜਿਨ੍ਹਾਂ ਨੇ ਇਹ ਦਰਖਾਸਤ ਨੇੜੇ ਦੇ ਥਾਣਾ ਗਲਿਆਰਾ ਵਿਖੇ ਮਾਰਕ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਵੇਰੇ ਆਪਣੀ ਦੁਕਾਨ ਦਾ ਤਾਲਾ ਤੋੜ ਦਿੱਤਾ ਹੈ। ਨੰਦਾ ਨੇ ਕਿਹਾ ਕਿ ਇਸ ਦਾ ਮੌਕਾ ਏ. ਡੀ. ਸੀ. ਪੀ. ਹਰਜੀਤ ਸਿੰਘ ਧਾਰੀਵਾਲ ਵੀ ਦੇਖ ਕੇ ਗਏ ਹਨ।

ਇਹ ਵੀ ਪੜ੍ਹੋ : ਲਿਵ-ਇਨ ਰਿਲੇਸ਼ਨ 'ਚ ਰਹਿਣ ਵਾਲੇ ਪ੍ਰੇਮੀ ਜੋੜਿਆਂ ਦੇ ਹੱਕ 'ਚ ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

ਨੰਦਾ ਨੇ ਆਪਣੀ ਦੁਕਾਨ ਦੇ ਕਿਰਾਏਨਾਮੇ ਦੀ ਫੋਟੋ ਕਾਪੀ ਦਿਖਾਉਂਦਿਆਂ ਦੱਸਿਆ ਕਿ ਮੈਂ ਇਹ ਦੁਕਾਨ 1. 4. 2017 ’ਚ ਮਹੰਤ ਵਿਜੇ ਦਾਸ ਬਾਵਾ ਕੋਲੋਂ 3000 ਰੁਪਏ ਕਿਰਾਏ ’ਤੇ ਲਈ ਹੈ, ਜੋ ਮੇਰੇ ਛੋਟੇ ਭਰਾ ਜਗਮੋਹਨ ਸਿੰਘ ਅਤੇ ਮੇਰੇ ਦੋਵੇਂ ਲੜਕਿਆਂ ਵਿਸ਼ਾਲ ਵਿਕਰਮਜੀਤ ਸਿੰਘ ਅਤੇ ਰਣਜੀਤ ਸਿੰਘ ਦੇ ਨਾਂ ’ਤੇ ਹੈ। ਉਕਤ ਦੁਕਾਨ ਵਿਚ ਮਹੰਤਾਂ ਵੱਲੋਂ ਬਣਾਇਆ ਠਾਕੁਰ ਦੁਆਰਾ ਵੀ ਹੈ, ਜਿਸਦਾ ਰਸਤਾ ਮੇਰੀ ਦੁਕਾਨ ਅੰਦਰੋਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਗੁਆਂਢੀ ਨੇ ਆਪਣਾ ਸਿਆਸੀ ਅਸਰ-ਰਸੂਖ ਵਰਤ ਕੇ ਧੋਖੇ ਨਾਲ ਮਹੰਤਾਂ ਤੋਂ ਇਹ ਜਗ੍ਹਾ ਆਪਣੇ ਨਾਂ ਕਰਵਾ ਕੇ ਮੇਰੇ ਭਰਾ ਜਗਮੋਹਨ ਸਿੰਘ ਨੂੰ ਝੂਠਾ ਇਲਜ਼ਾਮ ਲਵਾ ਕੇ ਜੇਲ ਭਿਜਵਾ ਦਿੱਤਾ ਹੈ। ਉਸ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਉਸ ਦੀ ਜਾਨ-ਮਾਲ ਦੀ ਰਾਖੀ ਕਰਦਿਆਂ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਜਦੋਂ ਨੰਦਾ ਦੇ ਗੁਆਂਢੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਸਦੀ ਦੁਕਾਨ ਬੰਦ ਸੀ ਅਤੇ ਨਾ ਹੀ ਉਸਦਾ ਕੋਈ ਫੋਨ ਨੰਬਰ ਮਿਲ ਸਕਿਆ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਦੂਜੇ ਪਾਸੇ ਇਸ ਸਬੰਧੀ ਜਦੋਂ ਐੱਸ. ਐੱਚ. ਓ. ਗਲਿਆਰਾ ਸੱਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਚੱਲ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਕਾਨੂੰਨ ਅਨੁਸਾਰ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News