ਪਸ਼ੂਆਂ ਦੇ ਮਸਨੂਈ ਗਰਭਦਾਨ ਵਿਚ ਅੰਮ੍ਰਿਤਸਰ ਜ਼ਿਲ੍ਹਾ ਸੂਬੇ ਭਰ ਵਿਚੋਂ ਮੋਹਰੀ

04/22/2020 7:48:24 PM

ਅੰਮ੍ਰਿਤਸਰ(ਦਲਜੀਤ ਸ਼ਰਮਾ) - ਰਾਸ਼ਟਰ ਪੱਧਰ ਤੇ ਗੋਕਲ ਮਿਸ਼ਨ ਅਧੀਨ ਚੱਲ ਰਹੇ ਪਸ਼ੂਆਂ ਦੇ ਮਸਨੂਈ ਗਰਭਦਾਨ ਪ੍ਰੋਗਰਾਮ ਵਿਚ ਅੰਮ੍ਰਿਤਸਰ ਜ਼ਿਲ੍ਹੇ ਨੇ ਸੂਬੇ ਦੇ ਬਾਕੀ 21 ਜਿਲਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਮੱਲਿਆ ਹੈ, ਜਦਕਿ ਦੇਸ਼ ਭਰ ਦੇ 600 ਜਿਲਿਆਂ ਵਿਚ ਇਹ 30ਵੇਂ ਸਥਾਨ ਉੱਤੇ ਰਿਹਾ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ ਨੇ ਦੱਸਿਆ ਕਿ ਪਸ਼ੂ ਤੇ ਮੱਛੀ ਪਾਲਣ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕਿਸਾਨਾਂ ਨੂੰ ਉੱਚਾ ਚੁੱਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਸਾਨੂੰ ਇਹ ਪ੍ਰੋਗਰਾਮ ਸੌਂਪਿਆ ਗਿਆ ਸੀ ਅਤੇ ਵਿਭਾਗ ਦੇ ਸੈਕਟਰੀ ਸ. ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਦਿੱਤੀ ਯੋਗ ਅਗਵਾਈ ਸਦਕਾ ਅਸੀਂ ਪੰਜਾਬ ਵਿਚ ਸਭ ਤੋਂ ਅੱਗੇ ਰਹੇ ਹਾਂ।

ਉਨਾਂ ਦੱਸਿਆ ਕਿ ਪਸ਼ੂਆਂ ਦੇ ਨਸਲ ਸੁਧਾਰ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਨੇ ਇਹ ਪ੍ਰੋਗਰਾਮ 11 ਸਤੰਬਰ 2019 ਨੂੰ ਸ਼ੁਰੂ ਕੀਤਾ ਸੀ, ਜਿਸ ਨੂੰ 6 ਨਵੰਬਰ 2019 ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਸਕਿਆ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਨੋਡਲ ਅਧਿਕਾਰੀ ਡਾ. ਹਰਮਨਪ੍ਰੀਤ ਸਿੰਘ ਵੱਲੋਂ ਸਾਰੇ ਜ਼ਿਲ੍ਹੇ ਦੀ ਮੈਪਿੰਗ ਅਤੇ ਸਟਾਫ ਨੂੰ ਇਸ ਸਬੰਧੀ ਸਿਖਲਾਈ ਦੇ ਕੇ ਅਸੀਂ ਅੰਮ੍ਰਿਤਸਰ ਵਿਚ ਦਸੰਬਰ ਮਹੀਨੇ ਵਿਚ ਕੰਮ ਸ਼ੁਰੂ ਕੀਤਾ ਸੀ।

ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਮੱਝਾਂ ਵਿਚ ਮੁਰੱਹਾ, ਨੀਲੀ ਰਾਵੀ ਅਤੇ ਗਾਵਾਂ ਵਿਚ ਜਰਸੀ, ਐਚ. ਐਫ. ਸਾਹੀਵਾਲ ਦਾ ਸੀਮਨ ਵਰਤਿਆ ਗਿਆ। ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਜ਼ਿਲ੍ਹੇ ਦੇ 100 ਪਿੰਡਾਂ ਨੂੰ ਲਿਆ ਗਿਆ ਸੀ, ਪਰ ਫਿਰ ਸਕੀਮ ਦਾ ਘੇਰਾ ਵਧਾ ਕੇ 300 ਪਿੰਡ ਕੀਤੇ ਗਏ, ਜਿੰਨਾ ਵਿਚ ਅਸੀਂ 20823 ਜਨਵਰਾਂ ਨੂੰ ਮੁਫਤ ਮਸਨੂਈ ਗਰਭਦਾਨ ਦਿੱਤਾ। ਉਨਾਂ ਦੱਸਿਆ ਕਿ ਹਰੇਕ ਪਸ਼ੂ ਦੇ ਕੰਨ ਉਤੇ ਇਸ ਦੌਰਾਨ 12 ਅੰਕਾਂ ਦਾ ਵਿਲੱਖਣ ਪਛਾਣ ਚਿੰਨ ਵੀ ਦਿੱਤਾ ਗਿਆ, ਜਿਸ ਨਾਲ ਪਸ਼ੂ ਦਾ ਸਾਰਾ ਰਿਕਾਰਡ ਰਾਸ਼ਟਰ ਪੱਧਰ ਉਤੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਕੋਲ ਜਾ ਚੁੱਕਾ ਹੈ।

ਡਾ. ਮਲਹੋਤਰਾ ਨੇ ਇਸ ਕਾਮਯਾਬੀ ਲਈ ਡਾ. ਪ੍ਰਭਦੀਪ ਸਿੰਘ, ਡਾ. ਅਮਰਪ੍ਰੀਤ ਪੰਨੂੰ, ਡਾ. ਵਿਸ਼ਾਲ ਮੜੀਆ, ਏ. ਆਈ. ਲਵਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੰਮ ਮਿਲ ਵਰਤ ਕੇ ਹੀ ਕੀਤਾ ਜਾ ਸਕਿਆ। ਉਨਾਂ ਕਿਹਾ ਕਿ ਇਸ ਨਾਲ ਪਸ਼ੂਆਂ ਦੀ ਨਸਲ ਵਿਚ ਵੱਡਾ ਸੁਧਾਰ, ਆਉਣ ਵਾਲੇ ਸਮੇਂ ਵਿਚ ਵੇਖਣ ਨੂੰ ਮਿਲੇਗਾ, ਜਿਸ ਨਾਲ ਕਿਸਾਨ ਨੂੰ ਵਿੱਤੀ ਤੌਰ ਉਤੇ ਲਾਭ ਹੋਵੇਗਾ।

 

 


 

Harinder Kaur

This news is Content Editor Harinder Kaur