ਅੰਮ੍ਰਿਤਸਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ

01/23/2019 6:08:38 PM

ਅੰਮ੍ਰਿਤਸਰ,(ਬੌਬੀ)— ਸ਼ਹਿਰ 'ਚ ਅੱਜ ਦੇਰ ਸ਼ਾਮ ਇਕ ਘਰ 'ਚ ਐੱਲ. ਪੀ. ਜੀ. ਸਿਲੰਡਰ ਫਟ ਜਾਣ ਕਾਰਨ ਮਾਂ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਬੀ-ਡਵੀਜ਼ਨ ਅਧੀਨ ਪੈਂਦੇ ਕਿੱਤਿਆ ਸਥਿਤ ਬਾਬਾ ਦੀਪ ਸਿੰਘ ਕਾਲੋਨੀ ਦੀ ਗਲੀ ਨੰਬਰ 1 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦ ਇਕ ਘਰ 'ਚ ਸਿਲੰਡਰ ਨੂੰ ਭਿਆਨਕ ਅੱਗ ਲੱਗਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਕ ਔਰਤ ਸੋਨਮ ਜਦੋਂ ਆਪਣੇ 6 ਮਹੀਨੇ ਦੇ ਬੱਚੇ ਕ੍ਰਿਸ਼ਨਾ ਲਈ ਦੁੱਧ ਗਰਮ ਕਰਨ ਲੱਗੀ ਤਾਂ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ ਤੇ ਭਾਂਬੜ ਮਚਣ ਕਰ ਕੇ ਅੱਗ ਔਰਤ ਦੇ ਕੱਪੜਿਆਂ ਨੂੰ ਜਾ ਲੱਗੀ। ਇਸ ਦੌਰਾਨ ਸਾਰਾ ਘਰ ਅੱਗ ਦੀ ਲਪੇਟ ਵਿਚ ਆ ਗਿਆ ਤੇ ਮਾਂ-ਪੁੱਤ ਬੁਰੀ ਤਰ੍ਹਾਂ ਝੁਲਸ ਗਏ। ਜਦ ਇਸ ਘਟਨਾ ਦਾ ਪਤਾ ਇਲਾਕਾ ਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਜੱਦੋ-ਜਹਿਦ ਨਾਲ ਅੱਗ 'ਤੇ ਕਾਬੂ ਪਾਇਆ ਤੇ ਜ਼ਖਮੀ ਹਾਲਤ 'ਚ ਔਰਤ ਤੇ ਉਸ ਦੇ ਬੱਚੇ ਨੂੰ ਤੁਰੰਤ ਸਥਾਨਕ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ। ਜਿਥੇ ਮਾਂ-ਪੁੱਤ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਬੀ-ਡਵੀਜ਼ਨ ਦੀ ਪੁਲਸ ਮੌਕੇ 'ਤੇ ਪੁੱਜੀ, ਜਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਔਰਤ ਤੇ ਉਸ ਦੇ ਪੁੱਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।