ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਹਰਕਤ ’ਚ ਆਈ ਟ੍ਰੈਫਿਕ ਪੁਲਸ

01/29/2020 5:16:29 PM

ਅੰਮ੍ਰਿਤਸਰ (ਅਵਦੇਸ਼) : ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅੰਮ੍ਰਿਤਸਰ ਪੁਲਸ ਅਨੁਸਾਰ ਟ੍ਰੈਫਿਕ ਪੁਲਸ ਬੁੱਧਵਾਰ ਨੂੰ ਹਰਕਤ ’ਚ ਆਈ। ਇਸ ਦੌਰਾਨ ਟ੍ਰੈਫਿਕ ਪੁਲਸ ਵੱਲੋਂ ਸ਼ਹਿਰ ’ਚ ਇਕ ਵੱਡੇ ਪੱਧਰ ’ਤੇ ਮੁਹਿੰਮ ਛੇਡੀ ਗਈ, ਜਿਸ ਦੀ ਪ੍ਰਧਾਨਗੀ ਏ. ਡੀ. ਸੀ. ਪੀ. ਟ੍ਰੈਫਿਕ ਮੈਡਮ ਜਸਵੰਤ ਕੌਰ ਨੇ ਕੀਤੀ। ਦੱਸਣਯੋਗ ਹੈ ਕਿ ਪਿਛਲੇ ਦਿਨ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨੇ ਖੁਦ ਹੀ ਮੈਡਮ ਜਸਵੰਤ ਕੌਰ ਨੂੰ ਸੱਦ ਕੇ ਆਪਣੇ ਵਾਹਨਾਂ ਤੋਂ ਪ੍ਰੈੱਸ ਦੇ ਸਟਿੱਕਰ ਉੱਤਰਵਾਉਣ ਦੀ ਸ਼ੁਰੂਆਤ ਕੀਤੀ ਸੀ। ਅੱਜ ਦੀ ਕਾਰਵਾਈ ’ਚ ਵੀ ਏ. ਡੀ. ਸੀ. ਪੀ. ਮੈਡਮ ਜਸਵੰਤ ਕੌਰ ਆਪ ਆਪਣੀ ਟੀਮ ਸਮੇਤ ਭੰਡਾਰੀ ਪੁਲ ’ਤੇ ਖਡ਼੍ਹੀ ਰਹੀ। ਇਸ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਉਨ੍ਹਾਂ ਨੇ ਖੁਦ ਇਕ ਗੱਡੀ ਤੋਂ ਐੱਮ. ਐੱਲ. ਏ. ਦਾ ਸਟਿੱਕਰ ਉੱਤਰਵਾਇਆ।

ਇਸ ਤੋਂ ਇਲਾਵਾ ਪੁਲਸ ਨੇ ਕੌਂਸਲਰ, ਚੇਅਰਮੈਨ, ਪ੍ਰੈਜ਼ੀਡੈਂਟ, ਪ੍ਰਧਾਨ, ਐਕਸਾਈਜ਼ ਦੀਆਂ ਗੱਡੀਆਂ, ਪੁਲਸ ਦੇ ਸਟਿੱਕਰ, ਐਡਵੋਕੇਟ, ਬਿਜਲੀ ਬੋਰਡ, ਬੈਕਾਂ ਤੋਂ ਇਲਾਵਾ ਸ਼ੇਅਰੋ-ਸ਼ਾਇਰੀ ਆਦਿ ਦੇ ਸਟਿੱਕਰ ਵੀ ਉੱਤਰਵਾਏ। ਮੈਡਮ ਜਸਵੰਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਹੁਣ ਲਗਾਤਾਰ ਚੱਲਦੀ ਰਹੇਗੀ ਅਤੇ ਨਿੱਤ ਇਸ ਵਿਸ਼ੇ ’ਤੇ ਉਹ ਰਿਪੋਰਟ ਵੀ ਤਲਬ ਕਰੇਗੀ। ਦੂਜੇ ਪਾਸੇ ਟ੍ਰੈਫਿਕ ਜ਼ੋਨ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਕੁਲਦੀਪ ਕੌਰ ਤੇ ਇੰਸਪੈਕਟਰ ਰਵੀਦੱਤ ਸਮੇਤ ਟ੍ਰੈਫਿਕ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਕਮਿਸ਼ਨਰੇਟ ਦੇ ਅੰਦਰ ਜੇਕਰ ਕਿਸੇ ਵੀ ਤਰ੍ਹਾਂ ਦੇ ਵਾਹਨ ’ਤੇ ਗੈਰ-ਕਾਨੂੰਨੀ ਤੌਰ ’ਤੇ ਕੋਈ ਵੀ ਸਟਿੱਕਰ ਲੱਗਾ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ ਗੱਡੀ ਨੂੰ ਰੋਕ ਕੇ ਅਜਿਹੇ ਸਟਿੱਕਰ ਉੱਤਰਵਾਉਣ। ਇਸ ਦੌਰਾਨ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਲਈ ਤਾਕੀਦ ਕੀਤੀ ਗਈ।

Baljeet Kaur

This news is Content Editor Baljeet Kaur