ਮਾਮਲਾ ਟ੍ਰਿਲੀਅਮ ਮਾਲਜ਼ ਨੇੜੇ 25 ਲੱਖ ਦੀ ਲੁੱਟ ਦਾ, ਪੁਲਸ ਰਿਮਾਂਡ ਦੌਰਾਨ 1.40 ਲੱਖ ਦੀ ਰਾਸ਼ੀ ਬਰਾਮਦ

10/18/2018 10:30:28 AM

ਅੰਮ੍ਰਿਤਸਰ (ਅਰੁਣ) : ਬੀਤੀ 25 ਜੂਨ ਨੂੰ ਟ੍ਰਿਲੀਅਮ ਮਾਲਜ਼ ਨੇੜੇ ਰੇਡੀਅਮ ਕੰਪਨੀ ਦਾ ਕੈਸ਼ ਲੈ ਕੇ ਬੈਂਕ 'ਚ ਜਮ੍ਹਾ ਕਰਵਾਉਣ ਜਾ ਰਹੇ ਏਜੰਟ ਕੋਲੋਂ ਪਿਸਤੌਲ ਦੀ ਨੋਕ 'ਤੇ 25 ਲੱਖ ਦੀ ਰਕਮ ਲੁੱਟਣ ਵਾਲੇ ਗਿਰੋਹ ਦੇ ਗ੍ਰਿਫਤਾਰ ਕੀਤੇ ਗਏ 5 ਮੈਂਬਰਾਂ ਵੱਲੋਂ 4 ਦਿਨ ਦੇ ਮਿਲੇ ਪੁਲਸ ਰਿਮਾਂਡ ਦੌਰਾਨ ਖੋਹੀ ਰਕਮ 'ਚੋਂ 1 ਲੱਖ 40 ਹਜ਼ਾਰ ਦੀ ਰਕਮ ਬਰਾਮਦ ਕਰਵਾਉਣ ਤੋਂ ਇਲਾਵਾ ਕਈ ਹੋਰ ਖੁਲਾਸੇ ਕੀਤੇ ਗਏ ਹਨ। ਥਾਣਾ ਮਜੀਠਾ ਰੋਡ ਦੀ ਪੁਲਸ  ਨੇ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ 3 ਮੈਂਬਰਾਂ ਤੋਂ ਇਲਾਵਾ ਰੇਕੀ ਕਰਨ ਵਾਲੇ 2 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਨਵਦੀਪ ਸਿੰਘ ਸੰਨੀ ਪੁੱਤਰ ਪ੍ਰਦੀਪ ਸਿੰਘ ਵਾਸੀ ਗਲੀ ਪੰਜਾਬ ਸਿੰਘ ਵਾਲੀ, ਸੰਜੇਪਾਲ ਸਿੰਘ ਸੰਨੀ ਉਰਫ ਭੂੰਡੀ ਪੁੱਤਰ ਕੁਲਵੰਤ ਸਿੰਘ ਵਾਸੀ ਮੂਲੇਚੱਕ, ਪਰਮਦੀਪ ਸਿੰਘ ਰਾਜਾ ਪੁੱਤਰ ਵਾਸੀ ਗੁਰੂ ਅਰਜਨ ਦੇਵ ਨਗਰ ਨੂੰ ਰਾਜਸਥਾਨ ਦੇ ਇਕ ਹੋਟਲ 'ਚੋਂ ਗ੍ਰਿਫਤਾਰ ਕਰਨ ਮਗਰੋਂ ਮਜੀਠਾ ਰੋਡ ਥਾਣਾ ਮੁਖੀ ਸਬ-ਇੰਸਪੈਕਟਰ ਪ੍ਰੇਮਪਾਲ ਦੀ ਟੀਮ ਨੇ 32 ਬੋਰ ਦੇ 2 ਪਿਸਤੌਲ, 50 ਹਜ਼ਾਰ ਦੀ ਨਕਦੀ ਤੇ ਇਕ ਪਲਸਰ ਮੋਟਰਸਾਈਕਲ ਬਰਾਮਦ ਕਰਨ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਸਿਮਰਤ ਸਿੰਘ ਸਮਰ ਪੁੱਤਰ ਇੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਪਾਲ ਸਿੰਘ ਦੋਵੇਂ ਵਾਸੀ ਮੂਲੇਚੱਕ ਕੋਲੋਂ ਇਕ ਸਵਿਫਟ ਕਾਰ ਬਰਾਮਦ ਕੀਤੀ ਸੀ। 

ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਪਰਮਦੀਪ ਸਿੰਘ ਰਾਜਾ ਕੋਲੋਂ ਰੇਕੀ ਦੌਰਾਨ ਵਰਤਿਆ ਗਿਆ ਇਕ ਸਪਲੈਂਡਰ ਮੋਟਰਸਾਈਕਲ, 15 ਹਜ਼ਾਰ ਰੁਪਏ ਨਕਦ ਤੇ ਮੁਲਜ਼ਮ ਸੰਜੇ ਭੂੰਡੀ ਕੋਲੋਂ ਲੁੱਟ ਦੀ ਰਕਮ ਦੇ 1 ਲੱਖ 25 ਹਜ਼ਾਰ ਰੁਪਏ ਹੋਰ ਪੁਲਸ ਵੱਲੋਂ ਬਰਾਮਦ ਕਰ ਲਏ ਹਨ।

ਮੁਲਜ਼ਮ ਗੇਜੂ ਨੂੰ ਪੁਲਸ ਨੇ ਪਹਿਲਾਂ ਹੀ ਕੀਤਾ ਸੀ ਗ੍ਰਿਫਤਾਰ
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਰਣਜੀਤ ਸਿੰਘ ਗੇਜੂ ਪੁੱਤਰ ਬਲਦੇਵ ਸਿੰਘ ਵਾਸੀ ਅੰਤਰਯਾਮੀ ਕਾਲੋਨੀ ਸੁਲਤਾਨਵਿੰਡ ਰੋਡ ਨੂੰ ਪੁਲਸ ਪਾਰਟੀ ਨੇ 16 ਜੁਲਾਈ 2018 ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਲੁੱਟੀ ਰਕਮ 'ਚੋਂ ਡੇਢ ਲੱਖ ਰੁਪਏ ਬਰਾਮਦ ਕਰ ਲਏ ਸਨ।

ਬਬਲੂ ਪੁਲਸ ਦੀ ਗ੍ਰਿਫਤ ਤੋਂ ਚੱਲ ਰਿਹਾ ਦੂਰ
ਗਿਰੋਹ ਦਾ ਇਕ ਹੋਰ ਮੈਂਬਰ ਅਮਰਜੀਤ ਸਿੰਘ ਬਬਲੂ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ। 

ਨਵਦੀਪ ਸੰਨੀ ਨੇ ਆਪਣੇ ਬੈਂਕ ਖਾਤੇ 'ਚ ਜਮ੍ਹਾ ਕਰਵਾਈ ਸੀ 2.90 ਲੱਖ ਦੀ ਰਕਮ
ਗਿਰੋਹ ਦੇ ਮੈਂਬਰ ਨਵਦੀਪ ਸੰਨੀ ਵੱਲੋਂ ਪੀ. ਐੱਨ. ਬੀ. ਬ੍ਰਾਂਚ ਬਾਬਾ ਸਾਹਿਬ ਚੌਕ ਦੇ ਆਪਣੇ ਖਾਤੇ ਵਿਚ 2.90 ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਈ ਗਈ ਸੀ। ਇਸ ਖਾਤੇ ਨੂੰ ਪੁਲਸ ਨੇ ਫਰੀਜ਼ ਕਰ ਦਿੱਤਾ ਸੀ। 

ਵਾਰਦਾਤ ਤੋਂ ਪਹਿਲਾਂ ਕਰਵਾਈ ਗਈ ਸੀ ਰੇਕੀ
ਦੱਸÎਣਯੋਗ ਹੈ ਕਿ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਪਰਮਦੀਪ ਸਿੰਘ ਤੇ ਉਸ ਦੇ ਇਕ ਹੋਰ ਸਾਥੀ ਵੱਲੋਂ ਰੇਕੀ ਕਰ ਕੇ ਗਿਰੋਹ ਦੇ ਇਨ੍ਹਾਂ ਮੁਲਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ ਸੀ। 

ਰਾਜਾ ਤੇ ਭੂੰਡੀ ਨੂੰ ਮਿਲਿਆ 4 ਦਿਨ ਦਾ ਹੋਰ ਪੁਲਸ ਰਿਮਾਂਡ
ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ 4 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਮਗਰੋਂ ਇਨ੍ਹਾਂ ਮੁਲਜ਼ਮਾਂ ਨੂੰ ਇਕ ਵਾਰ ਫਿਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਪਰਮਦੀਪ ਸਿੰਘ ਰਾਜਾ ਤੇ ਸੰਜੇਪਾਲ ਸਿੰਘ ਸਿੰਘ ਭੂੰਡੀ ਨੂੰ 4 ਦਿਨ ਦੇ ਹੋਰ ਪੁਲਸ ਰਿਮਾਂਡ ਦੇਣ ਤੋਂ ਇਲਾਵਾ ਬਾਕੀ ਸਾਰੇ ਮੁਲਜ਼ਮਾਂ ਨੂੰ ਜੁਡੀਸ਼ੀਅਲ 'ਤੇ ਭੇਜਿਆ ਗਿਆ ਹੈ।