ਅੱਤਵਾਦ ਦਾ ਟਾਕਰਾ ਕਰਨ ਵਾਲੇ ਮਾਸਟਰ ਮਹਿੰਦਰੂ ਅਜੇ ਤੱਕ ਰਾਸ਼ਟਰਪਤੀ ਐਵਾਰਡ ਤੋਂ ਵਾਂਝੇ

11/23/2020 4:48:35 PM

ਅੰਮ੍ਰਿਤਸਰ (ਛੀਨਾ): ਸੂਬੇ 'ਚ ਅੱਤਵਾਦ ਦਾ ਟਾਕਰਾ ਕਰਦਿਆਂ ਇਕ ਪੁੱਤਰ ਸਮੇਤ ਕਈ ਸਾਥੀ ਸ਼ਹੀਦ ਕਰਵਾਉਣ ਅਤੇ ਕਈ ਵਾਰ ਅੱਤਵਾਦੀਆਂ ਦੀਆਂ ਗੋਲੀਆਂ ਦਾ ਖ਼ੁਦ ਸ਼ਿਕਾਰ ਬਣਨ ਵਾਲੇ ਭਾਜਪਾ ਆਗੂ ਮਾਸਟਰ ਸੁਰਿੰਦਰਪਾਲ ਮਹਿੰਦਰੂ ਨੂੰ ਕੇਂਦਰ 'ਚ ਬਣਨ ਵਾਲੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਜੇ ਤੱਕ ਰਾਸ਼ਟਰਪਤੀ ਐਵਾਰਡ ਦੇਣ ਤੋਂ ਵਿਸਾਰਿਆ ਹੋਇਆ ਹੈ। ਇਸ ਸਬੰਧ 'ਚ ਗੱਲਬਾਤ ਕਰਦਿਆਂ ਮਾਸਟਰ ਸੁਰਿੰਦਰਪਾਲ ਮਹਿੰਦਰੂ ਨੇ ਦੱਸਿਆ ਕਿ ਦੇਸ਼ ਦੀ ਸੇਵਾ ਕਰਨ ਦੇ ਮਕਸਦ ਨਾਲ ਉਹ 1967 'ਚ ਆਰ.ਐੱਸ.ਐੱਸ. ਨਾਲ ਜੁੜੇ ਤੇ 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਆਰ.ਐੱਸ.ਐੱਸ. ਦੇ ਸਵੈ ਸੇਵਿਕਾਂ ਨਾਲ ਮਿੱਲ ਕੇ ਭਾਰਤੀ ਫ਼ੌਜੀ ਜਵਾਨਾਂ ਨੂੰ ਜੰਗ 'ਚ ਰਾਸ਼ਣ ਪਹੁੰਚਾਉਣ ਸਮੇਤ ਸਰਹੱਦੀ ਲੋਕਾਂ ਨੂੰ ਹਰ ਤਰਾਂ ਦੀ ਮਦਦ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਮਾਸਟਰ ਮਹਿੰਦਰੂ ਨੇ ਦੱਸਿਆ ਕਿ 1980 'ਚ ਜਦੋਂ ਪੰਜਾਬ 'ਚ ਅੱਤਵਾਦ ਨੇ ਜੋਰ ਫੜ੍ਹਿਆ ਤਾਂ ਉਨ੍ਹਾਂ ਨੇ ਅੱਤਵਾਦ ਦਾ ਡੱਟ ਕੇ ਵਿਰੋਧ ਕੀਤਾ। ਜਿਸ ਦੌਰਾਨ 1983 ਤੋਂ ਲੈ ਕੇ 1991 ਤੱਕ ਉਨ੍ਹਾਂ 'ਤੇ ਅੱਤਵਾਦੀਆਂ ਨੇ 6 ਵਾਰ ਜਾਨਲੇਵਾ ਹਮਲੇ ਕੀਤੇ, ਜਿੰਨਾ 'ਚ ਉਨ੍ਹਾਂ ਦੇ ਕਈ ਸਾਥੀ ਤੇ ਇਕ ਪੁੱਤਰ ਸ਼ਹੀਦ ਹੋ ਗਿਆ ਅਤੇ ਉਹ ਖੁਦ ਵੀ ਗੋਲੀਆਂ ਦਾ ਨਿਸ਼ਾਨਾ ਬਣਦੇ ਹੋਏ ਗੰਭੀਰ ਜ਼ਖ਼ਮੀ ਹੋਏ। ਉਨ੍ਹਾਂ ਦੱਸਿਆ ਕਿ 26 ਅਕਤੂਬਰ 1991 ਨੂੰ ਤੇਜ ਨਗਰ ਚੌਂਕ ਸਥਿਤ ਭਾਜਪਾ ਦੇ ਦਫ਼ਤਰ 'ਚ ਮੈਂ ਤੇ ਮੇਰੇ ਕੁਝ ਸਾਥੀ ਬੈਠੇ ਹੋਏ ਸਨ ਕਿ ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦੌਰਾਨ ਸੁਰਿੰਦਰ ਸਿੰਘ ਰੇਡੀਓ ਮਕੈਨਿਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਮੇਰੇ ਸਮੇਤ ਕਈ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਉਸ ਵੇਲੇ ਮੇਰੇ ਕੋਲ ਇਕ ਰਿਵਾਲਰ ਸੀ, ਜਿਸ ਨਾਲ ਮੈਂ ਉਕਤ ਦੋਵਾਂ ਅੱਤਵਾਦੀ ਹਮਲਾਵਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅੱਤਵਾਦ ਨਾਲ ਡੱਟ ਕੇ ਮੁਕਾਬਲਾ ਕਰਨ ਸਦਕਾ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਨੇ ਰਾਸ਼ਟਰਪਤੀ ਐਵਾਰਡ ਲਈ ਮੇਰਾ ਨਾਮ ਭਾਰਤ ਸਰਕਾਰ ਨੂੰ ਭੇਜਿਆ ਸੀ, ਜਿਸ 'ਤੇ ਸਰਕਾਰ ਨੇ ਅੱਜ ਤੱਕ ਗੌਰ ਨਹੀਂ ਕੀਤਾ। 

ਇਹ ਵੀ ਪੜ੍ਹੋ : ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਆਇਆ ਪੰਜਾਬੀ ਅਦਾਕਾਰ ਯੋਗਰਾਜ ਸਿੰਘ

ਮਾਸਟਰ ਮਹਿੰਦਰੂ ਨੇ ਦੱਸਿਆ ਕਿ ਅੱਤਵਾਦ ਖ਼ਿਲਾਫ਼ ਲੜਨ ਬਦਲੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ 2 ਵਾਰ ਕੈਸ਼ ਐਵਾਰਡ ਮਿਲੇ ਹਨ ਪਰ ਕੇਂਦਰ ਸਰਕਾਰ ਨੇ ਅੱਜ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਦਕਿ ਕੁਝ ਅਜਿਹੇ ਲੋਕਾਂ ਨੂੰ ਵੀ ਰਾਸ਼ਟਰਪਤੀ ਐਵਾਰਡ ਮਿਲ ਚੁੱਕੇ ਹਨ, ਜਿੰਨਾ ਦੀ ਦੇਸ਼ ਪ੍ਰਤੀ ਨਾ ਮਾਤਰ ਕਾਰਗੁਜ਼ਾਰੀ ਹੈ। ਮਾਸਟਰ ਮਹਿੰਦਰੂ ਨੇ ਆਖਿਆ ਕਿ ਰਾਸ਼ਟਰਪਤੀ ਐਵਾਰਡ ਦੀ ਕੇਂਦਰ ਸਰਕਾਰ ਤੋਂ ਮੈਂ ਕੋਈ ਭੀਖ ਨਹੀਂ ਮੰਗ ਰਿਹਾ ਬਲਕਿ ਉਹ ਮੇਰਾ ਹੱਕ ਹੈ ਜਿਸ 'ਤੇ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਗੰਭੀਰਤਾਂ ਨਾਲ ਵਿਚਾਰ ਕਰਕੇ ਮੇਰੇ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।

Baljeet Kaur

This news is Content Editor Baljeet Kaur