ਸੁਖਬੀਰ ਬਾਦਲ ਵਾਂਗ ਗੱਪਾਂ ਮਾਰਨ ਦੀ ਜ਼ਿੰਮੇਵਾਰੀ ਹੁਣ ਬੀਬੀ ਜਗੀਰ ਕੌਰ ਨੇ ਲਈ: ਭਾਈ ਰਣਜੀਤ ਸਿੰਘ

12/21/2020 4:15:25 PM

ਅੰਮ੍ਰਿਤਸਰ (ਅਨਜਾਣ): ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਜਦੋਂ ਕਿਸਾਨਾਂ ਦਾ ਸੰਘਰਸ਼ ਸਿਖ਼ਰਾਂ ’ਤੇ ਪਹੁੰਚ ਚੁੱਕਾ ਹੈ ਤਾਂ ਬਾਦਲਾਂ ਨੇ ਆਪਣਾ ਭਵਿੱਖ ਤਬਾਹ ਹੁੰਦਾ ਵੇਖ ਕੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਭਰਮਾਉਣ, ਵਰਗਲਾਉਣ ਤੇ ਫ਼ੁਸਲਾਉਣ ਦੇ ਹਰ ਯਤਨ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਵਲੋਂ ਗਪੌੜ ਛੱਡਣ ਦੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੈਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸੰਘਰਸ਼ ਸ਼ੁਰੂ ਹੀ ਅਸੀਂ ਕੀਤਾ ਸੀ ਤੇ ਅਸੀਂ ਹੀ ਕਿਸਾਨ ਆਗੂਆਂ ਨੂੰ ਅੱਗੇ ਲਾਇਆ ਤੇ ਸਾਡੇ ਹੀ ਵਰਕਰ ਬਾਰਡਰਾਂ ‘ਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਖੇਤਾਂ ’ਚੋਂ ਭਾਰੀ ਗਿਣਤੀ ’ਚ ਗ੍ਰਨੇਡ ਬਰਾਮਦ, ਫ਼ੈਲੀ ਸਨਸਨੀ

ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਸੰਘਰਸ਼ ਖ਼ੁਦ ਕਿਸਾਨਾਂ ਨੇ ਸ਼ੁਰੂ ਕੀਤਾ ਸੀ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ। ਉਨ੍ਹਾਂ ਕਿਹਾ ਕਿ ਲੋਕ ਹਾਲੇ ਭੁੱਲੇ ਨਹੀਂ ਜਦੋਂ ਬੀਬੀ ਜਗੀਰ ਕੌਰ ਨੇ ਬਾਦਲ ਸਰਕਾਰ ਵੇਲੇ ਆਪਣੀ ਇਕ ਇੰਟਰਵਿਊ ‘ਚ ਕਿਹਾ ਸੀ ਕਿ ਸਰਕਾਰ ਕੀ ਕਰੇ ਜੀ! ਸਗੋਂ ਚੰਗਾ ਹੋਇਆ ਕਿਸਾਨ ਮਰਿਆ ਹੁਣ ਉਸ ਦੇ ਪਰਿਵਾਰ ਨੂੰ ਲੱਖ ਰੁਪਿਆ ਤਾਂ ਮਿਲੂ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਕਿਸਾਨਾਂ ਨਾਲ ਧੱਕਾ ਹੁੰਦਾ ਰਿਹਾ ਤੇ ਉਨ੍ਹਾਂ ਦੀਆਂ ਪੱਗਾਂ ਰੌਲਦੇ ਰਹੇ ਅਤੇ ਅੱਜ ਅਕਾਲੀ ਕਿਸਾਨਾਂ ਦੇ ਹਮਾਇਤੀ ਕਿਸ ਤਰ੍ਹਾਂ ਬਣ ਬੈਠ ਗਏ ਹਨ। ਉਨ੍ਹਾਂ ਕਿਹਾ ਕਿ 23 ਸਾਲ ਭਾਜਪਾ ਨਾਲ ਮਿਲ ਕੇ ਅਕਾਲੀਆਂ ਨੇ ਜੋ ਪਾਪ ਕੀਤੇ ਨੇ ਉਹ ਧੋਤੇ ਨਹੀਂ ਜਾਣੇ। ਅਖੀਰ ਉਨ੍ਹਾਂ ਕਿਹਾ ਕਿ ਜੋ ਅਕਾਲੀ ਤੇ ਸ਼੍ਰੋਮਣੀ ਕਮੇਟੀ ਗੁਰੂ ਦੀ ਨਹੀਂ ਬਣੀ ਉਹ ਕਿਸਾਨਾ ਦਾ ਭਲਾ ਕਿਵੇਂ ਸੋਚਣਗੇ।

ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ


Baljeet Kaur

Content Editor

Related News