ਸ਼੍ਰੋਮਣੀ ਕਮੇਟੀ ਵਲੋਂ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ

09/20/2019 6:08:34 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ 'ਚ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਪਹਿਲੇ ਵਰਗ ਤਹਿਤ 37 ਸਕੂਲਾਂ ਦੇ 145 ਵਿਦਿਆਰਥੀਆਂ,  ਨੌਵੀਂ ਤੋਂ ਬਾਰ•ਵੀਂ ਤੱਕ ਦੂਸਰੇ ਵਰਗ 'ਚ 30 ਸਕੂਲ ਦੇ 105 ਵਿਦਿਆਰਥੀਆਂ ਅਤੇ ਗ੍ਰੈਜੂਏਸ਼ਨ ਪੱਧਰ ਦੇ ਤੀਸਰੇ ਗਰੁੱਪ 'ਚ 15 ਕਾਲਜਾਂ ਦੇ 45 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ਿਆਂ 'ਚ ਕਿਰਤੀ ਸਿੱਖ ਦੀ ਤਸਵੀਰ, ਸਿੱਖ ਸਾਜ਼ ਰਬਾਬ/ਸਰੰਦਾ, ਬਲਿਹਾਰੀ ਕੁਦਰਤਿ ਵਸਿਆ ਨੂੰ ਦਰਸਾਉਂਦਾ ਦ੍ਰਿਸ਼ ਸ਼ਾਮਲ ਸਨ। ਇਸ ਤੋਂ ਇਲਾਵਾ ਤੀਸਰੇ ਗਰੁੱਪ ਦੇ ਵਿਦਿਆਰਥੀਆਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ 'ਚ ਸਰੋਵਰ ਕਿਨਾਰੇ ਬੈਠ ਕੇ ਇਸ ਪਾਵਨ ਅਸਥਾਨ ਦੀ ਤਸਵੀਰ ਬਣਾਈ ਗਈ।

ਪੇਂਟਿੰਗ ਮੁਕਾਬਲਿਆਂ 'ਚ ਜੱਜਮੈਂਟ ਲਈ ਗੁਰਵਿੰਦਰ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਬੀਬੀ ਰਮਨਦੀਪ ਕੌਰ ਨੇ ਸੇਵਾ ਨਿਭਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਹਰ ਸਾਲ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਤਹਿਤ ਇਸ ਪੇਂਟਿੰਗ ਮੁਕਾਬਲੇ 'ਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਸਰੋਕਾਰਾਂ ਨਾਲ ਸਬੰਧਤ ਤਸਵੀਰਾਂ ਬਣਾਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਕਾਹਲੋਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਬਘੇਲ ਸਿੰਘ ਐਡੀਸ਼ਨਲ ਮੈਨੇਜਰ ਕਾਬਲ ਸਿੰਘ, ਡਾ. ਰਣਜੀਤ ਕੌਰ ਪੰਨਵਾਂ, ਜਸਪਾਲ ਸਿੰਘ, ਡਾ. ਰਾਜਵਿੰਦਰ ਸਿੰਘ ਜੋਗਾ, ਬੀਬੀ ਗੁਰਮੀਤ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਸਿਮਰਨਜੀਤ ਕੌਰ, ਡਾ. ਹਰਪ੍ਰੀਤ ਕੌਰ, ਬੀਬੀ ਪਲਵਿੰਦਰ ਕੌਰ ਆਦਿ ਨੇ ਪੇਂਟਿੰਗ ਮੁਕਾਬਲਿਆਂ ਦੌਰਾਨ ਸੇਵਾ ਨਿਭਾਈ। ਇਨ੍ਹਾਂ ਮੁਕਾਬਲਿਆਂ ਦੌਰਾਨ ਅਵੱਲ ਆਏ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸਨਮਾਨਿਤ ਕੀਤਾ ਜਾਵੇਗਾ।


Baljeet Kaur

Content Editor

Related News