ਡਰੋਨ ਸਮੇਤ ਗ੍ਰਿਫਤਾਰ ਭਾਰਤੀ ਫੌਜੀ ਤੋਂ ਰਾਜ਼ ਖੁੱਲ੍ਹਵਾਉਣ ''ਚ ਲੱਗੀਆਂ ਸੁਰੱਖਿਆ ਏਜੰਸੀਆਂ

01/15/2020 10:34:08 AM

ਅੰਮ੍ਰਿਤਸਰ (ਸੰਜੀਵ) : ਹਾਈ ਅਲਰਟ ਦੇ ਬਾਵਜੂਦ ਭਾਰਤ-ਪਾਕਿ ਸੀਮਾ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀਆਂ ਗਤੀਵਿਧੀਆਂ 'ਚ ਸ਼ਾਮਿਲ ਭਾਰਤੀ ਫੌਜੀ ਰਾਹੁਲ ਚੌਹਾਨ ਵਲੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਰਾਜ਼ ਖੁੱਲ੍ਹਵਾਉਣ 'ਚ ਲੱਗੀਆਂ ਹੋਈਆਂ ਹਨ। ਇਸ 'ਚ ਸੈਨਾ ਦੇ ਇੰਟੈਲੀਜੈਂਸ ਵਿੰਗ ਤੇ ਦੇਸ਼ ਨਾਲ ਜੁੜੇ ਹੋਰ ਖੁਫੀਆ ਵਿਭਾਗ ਸ਼ਾਮਿਲ ਹਨ। ਰਾਹੁਲ ਚੌਹਾਨ ਤੋਂ ਭਾਰਤ-ਪਾਕਿ ਸੀਮਾ ਦੇ ਰਸਤੇ ਮੰਗਵਾਏ ਗਏ ਸਾਮਾਨ ਅਤੇ ਉਸ ਨੂੰ ਡਲਿਵਰ ਕੀਤੇ ਜਾਣ ਬਾਰੇ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ 'ਚ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਸਮੱਗਲਿੰਗ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੀ ਡੀਲ ਜੇਲ 'ਚੋਂ ਹੁੰਦੀ ਸੀ। ਹੁਣ ਇਸ 'ਤੇ ਏਜੰਸੀਆਂ ਪੂਰਾ ਖਾਕਾ ਤਿਆਰ ਕਰ ਰਹੀਆਂ ਹਨ ਕਿ ਜੇਲ ਤੋਂ ਕਿਹੜੇ-ਕਿਹੜੇ ਸੰਚਾਰ ਸਾਧਨਾਂ ਨੂੰ ਇਸਤੇਮਾਲ ਕਰ ਕੇ ਕਿਥੇ-ਕਿਥੇ ਅਤੇ ਕਦੋਂ-ਕਦੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਸਾਮਾਨ ਡਲਿਵਰ ਕੀਤਾ ਗਿਆ ਸੀ।

ਇਥੇ ਦੱਸ ਦੇਈਏ ਕਿ ਜ਼ਿਲਾ ਦਿਹਾਤੀ ਦੀ ਪੁਲਸ ਨੇ ਧਮਿੰਦਰ ਸਿੰਘ ਵਾਸੀ ਧਨੋਆ ਖੁਰਦ ਅਤੇ ਭਾਰਤੀ ਸੈਨਾ 'ਚ ਤਾਇਨਾਤ ਰਾਹੁਲ ਚੌਹਾਨ ਵਾਸੀ ਅੰਬਾਲਾ ਕੈਂਟ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਕਬਜ਼ੇ 'ਚੋਂ 2 ਡਰੋਨ ਅਤੇ ਸੰਚਾਰ ਸਾਧਨਾਂ ਤੋਂ ਇਲਾਵਾ ਲੱਖਾਂ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਸੀ। ਇਸ ਵਿਚ ਪੁਲਸ ਨੇ ਇਨ੍ਹਾਂ ਦੋਵਾਂ ਦੇ ਤੀਸਰੇ ਸਾਥੀ ਬਲਕਾਰ ਸਿੰਘ ਵਾਸੀ ਕਾਲਸ ਨੂੰ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ, ਜੋ ਜੇਲ 'ਚ ਬੈਠ ਕੇ ਪੂਰੇ ਮਾਡਿਊਲ ਨੂੰ ਆਪ੍ਰੇਟ ਕਰ ਰਿਹਾ ਸੀ। ਧਮਿੰਦਰ ਸਿੰਘ ਅਤੇ ਬਲਕਾਰ ਸਿੰਘ ਵਿਰੁੱਧ 2014 ਅਤੇ 2015 'ਚ ਵੀ ਅਪਰਾਧਿਕ ਮਾਮਲੇ ਦਰਜ ਹਨ। ਵਰਣਨਯੋਗ ਹੈ ਕਿ ਭਾਰਤੀ ਸੈਨਾ ਦਾ ਜਵਾਨ ਰਾਹੁਲ ਚੌਹਾਨ ਤਕਨੀਕੀ ਤੌਰ 'ਤੇ ਮਾਹਿਰ ਸੀ, ਜੋ ਭਾਰਤ-ਪਾਕਿ ਸੀਮਾ ਨੇੜੇ ਆਪ੍ਰੇਸ਼ਨ ਨੂੰ ਵੀ ਅੰਜਾਮ ਦਿੰਦਾ ਸੀ। ਇਸ ਬਾਰੇ ਵੀ ਸੁਰੱਖਿਆ ਏਜੰਸੀਆਂ ਗੰਭੀਰ ਜਾਂਚ ਕਰ ਰਹੀਆਂ ਹਨ।

Baljeet Kaur

This news is Content Editor Baljeet Kaur