ਮਜੀਠਾ : ਆਨਰ ਕਿਲਿੰਗ ਮਾਮਲੇ ''ਚ ਤੀਜੇ ਦੋਸ਼ੀ ਨੇ ਅਦਾਲਤ ''ਚ ਕੀਤਾ ਆਤਮ-ਸਮਰਪਣ

07/05/2019 1:57:54 PM

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਜੀਠਾ 'ਚ 26 ਜੂਨ ਨੂੰ ਹੋਈ ਆਨਰ ਕਿਲਿੰਗ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਅਨੁਦੀਪ ਅਤੇ ਉਸ ਦੇ ਪ੍ਰੇਮੀ ਪਵਨਦੀਪ ਸਿੰਘ ਦੇ ਮਾਮਲੇ ਵਿਚ ਅੱਜ ਤੀਸਰੇ ਹੱਤਿਆ ਦੇ ਦੋਸ਼ੀ ਲਾਡੀ ਵਾਸੀ ਸ਼ਾਮਨਗਰ ਨੇ ਅੰਮ੍ਰਿਤਸਰ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ, ਜਿਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਥਾਣਾ ਮਜੀਠਾ ਦੀ ਪੁਲਸ ਵਲੋਂ 5 ਜੁਲਾਈ ਨੂੰ ਦੋਸ਼ੀ ਲਾਡੀ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਕੇਂਦਰੀ ਜੇਲ ਤੋਂ ਜਾਂਚ ਲਈ ਲਿਆਂਦਾ ਜਾਵੇਗਾ। ਇਹ ਖੁਲਾਸਾ ਡੀ. ਐੱਸ. ਪੀ. ਮਜੀਠਾ ਜੋਗੇਸ਼ਵਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਆਨਰ ਕਿਲਿੰਗ ਦੇ ਇਸ ਮਾਮਲੇ ਵਿਚ ਪੁਲਸ ਪਹਿਲਾਂ ਵੀ 2 ਹੱਤਿਆ ਦੇ ਦੋਸ਼ੀਆਂ 'ਚ ਸ਼ਾਮਲ ਹਰਪਾਲ ਸਿੰਘ ਅਤੇ ਕਾਂਸ਼ੂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਸ ਤੋਂ ਬਾਅਦ ਪੁਲਸ ਲਗਾਤਾਰ ਫਰਾਰ ਚੱਲ ਰਹੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਸੀ ਕਿ ਅੱਜ ਇਕ ਮੁਲਜ਼ਮ ਨੇ ਅਦਾਲਤ 'ਚ ਸਰੰਡਰ ਕਰ ਦਿੱਤਾ।

ਇਹ ਸੀ ਮਾਮਲਾ
ਪਿਛਲੀ 26 ਜੂਨ ਨੂੰ ਪਿੰਡ ਮਜੀਠਾ 'ਚ ਅਨੁਦੀਪ ਕੌਰ ਅਤੇ ਉਸ ਦੇ ਪ੍ਰੇਮੀ ਪਵਨਦੀਪ ਸਿੰਘ ਨੂੰ ਇਸ ਲਈ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ ਸੀ ਕਿ ਦੋਵੇਂ ਆਪਸ 'ਚ ਪ੍ਰੇਮ ਕਰਦੇ ਸਨ, ਜੋ ਅਨੁਦੀਪ ਦੇ ਘਰਵਾਲਿਆਂ ਨੂੰ ਮਨਜ਼ੂਰ ਨਹੀਂ ਸੀ। ਸਮਝਾਉਣ ਦੇ ਬਾਵਜੂਦ ਜਦੋਂ ਅਨੁਦੀਪ ਪਿੱਛੇ ਨਹੀਂ ਹਟੀ ਤਾਂ ਉਸ ਦੇ ਪਿਤਾ ਬਲਕਾਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਹਿਲਾਂ ਆਪਣੀ ਧੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਅਤੇ ਉਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਕਾਰ 'ਚ ਪਵਨਦੀਪ ਸਿੰਘ ਦੇ ਘਰ ਗਏ, ਜਿਥੇ ਉਸ ਨੂੰ ਘਰ ਦੇ ਬਾਹਰ ਬੁਰੀ ਤਰ੍ਹਾਂ ਵੱਢਿਆ ਅਤੇ ਹਮੇਸ਼ਾ ਦੀ ਨੀਂਦ ਸਵਾ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਆਨਰ ਕਿਲਿੰਗ ਦੇ ਇਸ ਮਾਮਲੇ ਵਿਚ ਪੁਲਸ ਲਗਾਤਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ। ਵਾਰਦਾਤ ਦੇ 48 ਘੰਟਿਆਂ ਬਾਅਦ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਹੋਰ ਫਰਾਰ ਚੱਲ ਰਹੇ ਸਨ। ਅੱਜ ਇਕ ਮੁਲਜ਼ਮ ਵਲੋਂ ਆਤਮ-ਸਮਰਪਣ ਕੀਤੇ ਜਾਣ 'ਤੇ ਉਸ ਨੂੰ ਕੱਲ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੇ ਮਰਨ ਵਾਲੇ ਪਵਨਦੀਪ ਦੇ ਭਰਾ ਰਾਹੁਲ ਦੀ ਸ਼ਿਕਾਇਤ 'ਤੇ ਲੜਕੀ ਦੇ ਰਿਸ਼ਤੇਦਾਰਾਂ 'ਚ ਕਾਂਸ਼ੂ, ਹਰਪਾਲ ਸਿੰਘ, ਓਂਕਾਰ ਸਿੰਘ ਵਾਸੀ ਹਰੀਆ, ਲਾਡੀ ਵਾਸੀ ਸ਼ਾਮਨਗਰ, ਬਲਕਾਰ ਸਿੰਘ ਅਤੇ ਸੰਨੀ ਵਾਸੀ ਮਜੀਠਾ ਦੇ ਨਾਲ ਇਕ ਅਣਪਛਾਤੇ ਵਿਅਕਤੀ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਸੀ। ਪੁਲਸ 3 ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਹੱਤਿਆ 'ਚ ਸ਼ਾਮਿਲ 4 ਹੋਰ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।

ਬਾਕੀ ਦੋਸ਼ੀ ਵੀ ਜਲਦ ਕਰ ਲਏ ਜਾਣਗੇ ਗ੍ਰਿਫਤਾਰ
ਥਾਣਾ ਮਜੀਠਾ ਦੇ ਇੰਚਾਰਜ ਇੰਸਪੈਕਟਰ ਗੁਲਜ਼ਾਰ ਸਿੰਘ ਦਾ ਕਹਿਣਾ ਹੈ ਕਿ ਬਹੁਤ ਜਲਦ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਦਾਲਤ 'ਚ ਆਤਮ-ਸਮਰਪਣ ਕਰਨ ਵਾਲੇ ਲਾਡੀ ਵਾਸੀ ਸ਼ਾਮਨਗਰ ਨੂੰ ਕੱਲ ਜੇਲ ਤੋਂ ਲਿਆਂਦਾ ਜਾ ਰਿਹਾ ਹੈ।


Baljeet Kaur

Content Editor

Related News