ਹਵਾਰਾ ਕਮੇਟੀ ਤੇ ਅਕਾਲ ਖ਼ਾਲਸਾ ਦਲ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

01/14/2021 12:52:33 PM

ਅੰਮ੍ਰਿਤਸਰ (ਅਨਜਾਣ) : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਕਾਲ ਖ਼ਾਲਸਾ ਦਲ ਤੇ ਜਥੇਦਾਰ ਹਵਾਰਾ ਕਮੇਟੀ ਨੇ ਕਾਲੇ ਕਾਨੂੰਨਾ ਦੀਆਂ ਕਾਪੀਆਂ ਸਾੜ ਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕਾਲੀ ਲੋਹੜੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਤੇ ਅਕਾਲ ਖ਼ਾਲਸਾ ਦਲ ਦੇ ਮਹਾਂਬੀਰ ਸਿੰਘ ਨੇ ਕਿਹਾ ਕਿ ਨਗਰ ਨਿਵਾਸੀਆਂ ’ਚ ਨਰਿੰਦਰ ਮੋਦੀ ਸਰਕਾਰ ਦੇ ਵਿਰੁੱਧ ਬਹੁਤ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਪਿੱਛਲੇ ਦਿਨਾਂ ‘ਚ ਸੁਪਰੀਮ ਕੋਰਟ ਵਲੋਂ ਜੋ ਕਿਸਾਨ ਅੰਦੋਲਨ ਤੇ ਪਹਿਲ ਕਦਮੀ ਕੀਤੀ ਗਈ ਉਸ ਨੂੰ ਸਰਕਾਰ ਪੱਖੀ ਐਲਾਨਿਆਂ ਗਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ 26 ਜਨਵਰੀ ਵਾਲੇ ਦਿਨ ਕਿਸਾਨਾਂ ਵਲੋਂ ਕੱਢੇ ਜਾ ਰਹੇ ਟਰੈਕਟਰ ਟਰਾਲੀ ਮਾਰਚ ਨੂੰ ਫ਼ੇਲ ਕਰਨ ਵਾਸਤੇ ਇਹ ਪੈਂਤੜੇਬਾਜ਼ੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ

ਦਿੱਲੀ ਪੁਲਸ ਕਮਿਸ਼ਨਰ ਵਲੋਂ ਸੁਪਰੀਮ ਕੋਰਟ ‘ਚ ਦਾਖ਼ਲ ਕੀਤੀ ਪਟੀਸ਼ਨ ਜਿਸ ਦੇ ਤਹਿਤ ਸੁਪਰੀਮ ਕੋਰਟ ਨੂੰ 26 ਜਨਵਰੀ ਦੀ ਟਰੈਕਟਰ ਟਰਾਲੀ ਰੈਲੀ ’ਤੇ ਰੋਕ ਲਾਉਣ ਲਈ ਕਿਹਾ ਗਿਆ ਹੈ ਦਾ ਪ੍ਰਤੀਕਰਮ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਸ਼ਾਂਤਮਈ ਟਰੈਕਟਰ ਟਰਾਲੀ ਮਾਰਚ ਕੱਢਣਾ ਕਿਸਾਨਾਂ ਦਾ ਮੌਲਿਕ ਅਧਿਕਾਰ ਹੈ, ਜੋ ਸੁਪਰੀਮ ਕੋਰਟ ਸਾਡੇ ਕੋਲੋਂ ਖੋਹ ਨਹੀਂ ਸਕਦਾ। ਇਹ ਵੀ ਚੇਤੇ ਕਰਾਇਆ ਗਿਆ ਕਿ ਯੂ. ਐੱਨ. ਓ. ਵੀ ਸ਼ਾਂਤਮਈ ਪ੍ਰਦਰਸ਼ਨ ਦੀ ਇਜ਼ਾਜਤ ਦਿੰਦਾ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 70 ਤੋਂ ਵੱਧ ਸ਼ਹੀਦ ਹੋਏ ਕਿਸਾਨਾ ਦੇ ਦੋਸ਼ੀ ਨੇ ਤੇ ਉਨ੍ਹਾਂ ਖਿਲਾਫ਼ ਪਰਚੇ ਦਰਜ ਹੋਣੇ ਚਾਹੀਦੇ ਹਨ। ਇਸ ਮੌਕੇ ਭਾਈ ਘਨਈਆ ਸੁਸਾਇਟੀ ਤੋਂ ਗੁਰਬਖਸ਼ ਸਿੰਘ ਬੱਗਾ, ਇਲਾਕਾ ਨਿਵਾਸੀ ਦਿਲਬਾਗ ਸਿੰਘ, ਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਰਾਜਾ, ਲਾਡੀ, ਸਤਨਾਮ ਸਿੰਘ, ਭਜਨ ਸਿੰਘ, ਮੁਖਤਾਰ ਸਿੰਘ ਖਾਲਸਾ ਤੇ ਟੋਨੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ


Baljeet Kaur

Content Editor

Related News