ਗੈਂਗਸਟਰ ਅਕਾਲੀ ਦਲ ਦੀ ਦੇਣ, ਕਾਂਗਰਸ  ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੀ : ਡਾ. ਵੇਰਕਾ

08/12/2018 9:42:23 AM

ਅੰਮ੍ਰਿਤਸਰ (ਕਮਲ) : ਅੰਮ੍ਰਿਤਸਰ ਤੋਂ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਿਸ ਨੂੰ ਗੁੰਡਿਆਂ ਦਾ ਸਰਦਾਰ ਤੇ ਮਾਫੀਆ ਦਾ ਸਰਗਣਾ ਕਿਹਾ ਜਾਵੇ, ਉਹ ਅਕਾਲੀ ਦਲ ਹੈ। ਡਾ. ਵੇਰਕਾ ਨੇ ਕਿਹਾ ਕਿ ਬਿਕਰਮ ਮਜੀਠੀਆ ਭੁੱਲ ਗਏ ਹਨ ਕਿ ਉਨ੍ਹਾਂ ਦੇ ਰਾਜਕਾਲ 'ਚ ਕੀ-ਕੀ ਵਾਪਰਿਆ। ਉਨ੍ਹਾਂ ਕਿਹਾ ਕਿ ਜੋ ਅਕਾਲੀ ਦਲ ਨੇ ਪੈਦਾ ਕੀਤਾ ਉਸ ਨੂੰ ਹੁਣ ਤੱਕ ਕਾਂਗਰਸ ਕੱਟਣ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਗੈਂਗਸਟਰ ਹਨ ਇਹ ਸਭ ਅਕਾਲੀ ਦਲ ਦੀ ਦੇਣ ਹਨ। ਅੱਜ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਪਾਰਟੀ 'ਤੇ ਦੋਸ਼ ਲਾਏ ਹਨ ਕਿ ਕਾਂਗਰਸ ਨੇ ਬੌਖਲਾਹਟ 'ਚ ਪੰਚਾਇਤੀ ਰਾਜ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਗੈਰ-ਸਮਾਜਿਕ ਅਨਸਰਾਂ ਤੇ ਗੈਂਗਸਟਰਾਂ ਦੇ ਇਸਤੇਮਾਲ ਦੀ ਪੂਰੀ ਤਿਆਰੀ ਕੱਸ ਲਈ ਹੈ। ਇਸ ਤੋਂ ਇਲਾਵਾ ਮਜੀਠੀਆ ਨੇ ਇਹ ਵੀ ਕਿਹਾ ਕਿ ਰਾਜ 'ਚ ਦਿਨ-ਦਿਹਾੜੇ ਕਤਲ ਹੋਣ ਪਿੱਛੇ ਕਾਂਗਰਸ ਦੀ ਸਿਆਸੀ ਬਦਲਾਖੋਰੀ ਅਤੇ ਸ਼ਹਿ ਹੈ।
ਮਜੀਠੀਆ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੀ। ਇਹ ਭਾਵਨਾ ਕਾਂਗਰਸ ਪਾਰਟੀ 'ਚ ਨਹੀਂ ਹੈ। ਦੇਸ਼ 'ਚ ਕਾਨੂੰਨ ਦਾ ਰਾਜ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਾਜ 'ਚ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਨਹੀਂ ਲੈਣ ਦਿੰਦੀ। ਬਦਲਾਖੋਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੋ ਕਸੂਰਵਾਰ ਹੋਵੇਗਾ, ਉਹ ਸਲਾਖਾਂ ਪਿੱਛੇ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ।