ਅੰਮ੍ਰਿਤਸਰ ’ਚ 40 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ‘ਖੂੰਖਾਰ ਕੁੱਤਿਆਂ ਦੀ ਫੌਜ’, ਕਈਆਂ ਨੂੰ ਬਣਾ ਚੁੱਕੇ ਹਨ ਸ਼ਿਕਾਰ

02/09/2021 4:12:34 PM

ਅੰਮ੍ਰਿਤਸਰ (ਰਮਨ) - ਸ਼ਹਿਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਨਿਗਮ ਪ੍ਰਸ਼ਾਸਨ ਦੇ ਨਾਲ-ਨਾਲ ਸ਼ਹਿਰਵਾਸੀ ਵੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਅੰਦਰੂਨੀ ਸ਼ਹਿਰ ’ਚ ਤਾਂ ਰਾਤ ਦੇ ਸਮੇਂ ਗਲੀਆਂ ਤੋਂ ਲੰਘਣਾ ਬਹੁਤ ਔਖਾ ਹੈ। ਰੋਜ਼ਾਨਾ ਉੱਥੇ ਅਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ। ਅਵਾਰਾ ਕੁੱਤਿਆਂ ਦੀ ਫੌਜ ਰਾਤ ਦੇ ਸਮੇਂ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੰਦੀ ਹੈ। ਸ਼ਹਿਰ ਦੇ ਮੁੱਖ ਪਾਰਕਾਂ ’ਚ ਵੀ ਦਰਜਨਾਂ ਕੁੱਤੇ ਘੁੰਮਦੇ ਵਿਖਾਈ ਦਿੰਦੇ ਹਨ, ਜਿਸ ਕਾਰਨ ਸਵੇਰੇ ਸ਼ਾਮ ਸੈਰ ਕਰਨ ਵਾਲੇ ਲੋਕ ਪਰੇਸ਼ਾਨ ਹਨ। ਨਿਗਮ ਵਲੋਂ ਅਵਾਰਾ ਕੁੱਤਿਆਂ ਦੀ ਕੇਵਲ ਨਸਬੰਦੀ ਹੀ ਕਰਵਾਈ ਜਾ ਰਹੀ ਹੈ। ਸ਼ਹਿਰ ’ਚ ਟੀਮ ਵਲੋਂ ਜਿਥੋਂ ਕੁੱਤੇ ਚੁੱਕੇ ਜਾਂਦੇ ਹਨ, ਨਿਯਮਾਂ ਅਨੁਸਾਰ ਉਨ੍ਹਾਂ ਨੂੰ ਉਥੇ ਹੀ ਕੁੱਤੇ ਛੱਡ ਕੇ ਆਉਣਾ ਪੈਂਦਾ ਹੈ। ਲੋਕਾਂ ਨੂੰ ਕਿਸੇ ਤਰੀਕੇ ਨਾਲ ਆਵਾਰਾ ਕੁੱਤਿਆਂ ਤੋਂ ਰਾਹਤ ਨਹੀਂ ਮਿਲ ਰਹੀ। ਰੋਜ਼ਾਨਾ ਨਿਗਮ ’ਚ ਆਵਾਰਾ ਕੁੱਤਿਆਂ ਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ ਹਨ।

ਅਵਾਰਾ ਖੂੰਖਾਰ ਕੁੱਤੇ ਮਾਸੂਮਾਂ ਨੂੰ ਸ਼ਿਕਾਰ ਬਣਾਉਂਦੇ ਹਨ 
ਆਵਾਰਾ ਕੁੱਤੇ ਸ਼ਹਿਰ ਦੀਅ ਤੰਗ ਗਲੀਆਂ ਬਾਜ਼ਾਰਾਂ ’ਚ ਖੇਡਦੇ ਹੋਏ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ, ਜਿਸ ਨੂੰ ਲੈ ਕੇ ਆਮ ਵੇਖਿਆ ਗਿਆ ਹੈ ਕਿ ਅੱਜ ਕਿਸੇ ਅਵਾਰਾ ਕੁੱਤੇ ਨੇ ਮਾਸੂਮ ਨੂੰ ਕੱਟਿਆ ਹੈ। ਆਨੰਦ ਪਾਰਕ, ਸਕੱਤਰੀ ਬਾਗ, ਕੰਪਨੀ ਬਾਗ, 40 ਖੂਹ ’ਚ ਹਰ ਰੋਜ਼ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਹਮੇਸ਼ਾ ਅਵਾਰਾ ਕੁੱਤਿਆਂ ਦਾ ਡਰ ਲੱਗਿਆ ਰਹਿੰਦਾ ਹੈ। ਕਈ ਵਾਰ ਸੈਰ ਕਰਦੇ ਲੋਕਾਂ ਨੂੰ ਇਹ ਕੁੱਤੇ ਕੱਟ ਚੁੱਕੇ ਹਨ।

ਸਰਕਾਰ ਦੇ ਨਿਯਮਾਂ ਮੁਤਾਬਕ ਨਿਗਮ ਪ੍ਰਸਾਸ਼ਨ ਦੇ ਬੱਝੇ ਹੱਥ  
ਨਗਰ ਨਿਗਮ ਹਾਊਸ ਦੀ ਬੈਠਕ ਹਰ ਵਾਰ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ ਚੁੱਕਦਾ ਹੈ ਪਰ ਸਰਕਾਰ ਦੇ ਨਿਯਮਾਂ ਮੁਤਾਬਕ ਨਿਗਮ ਪ੍ਰਸ਼ਾਸਨ ਦੇ ਹੱਥ ਬੱਝੇ ਹੋਏ ਹਨ। ਸ਼ਹਿਰ ’ਚ ਸਰਕਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੁੱਤਿਆਂ ਦੀ ਆਬਾਦੀ 35 ਤੋਂ 40 ਹਜ਼ਾਰ ਹੈ ਪਰ ਗੈਰ-ਸਰਕਾਰੀ ਅੰਕੜਿਆਂ ’ਚ ਇਹ ਗਿਣਤੀ 50 ਹਜ਼ਾਰ ਦੀ ਗਿਣਤੀ ਪਾਰ ਕਰ ਚੁੱਕੀ ਹੈ। ਹਰ ਸਾਲ ਕੁੱਤਿਆਂ ਦੇ ਕੱਟਣ ਨਾਲ ਲੋਕ ਮੌਤ ਦਾ ਸ਼ਿਕਾਰ ਬਣ ਰਹੇ ਹਨ। ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਹੈ ਪਰ ਜੇਕਰ ਕੁੱਤਾ ਕਿਸੇ ਨੂੰ ਮਾਰ ਦਿੰਦਾ ਹੈ ਤਾਂ ਸਾਡਾ ਲਾਚਾਰ ਤੰਤਰ ਤਮਾਸ਼ਾ ਵੇਖਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ।

ਕੁੱਤਿਆਂ ਦੀ ਦਹਿਸ਼ਤ ਨਾਲ ਖੌਫ਼ਜਦਾ ਸ਼ਹਿਰ 
ਸ਼ਹਿਰ ਕੁੱਤਿਆਂ ਦੀ ਦਹਿਸ਼ਤ ਨਾਲ ਖੌਫ਼ਜ਼ਦਾ ਹੈ। ਵਾਲਡ ਸਿਟੀ ਕਟੜਾ ਦੂਲੋ, ਕਟੜਾ ਭਾਈ ਸੰਤ ਸਿੰਘ, ਕਟੜਾ ਪਰਜਾ, ਬੰਬੇ ਵਾਲਾ ਖੂਬ, ਲੋਹਗੜ੍ਹ, ਗਲੀ ਕੁੱਤਿਆਂ ਵਾਲੀ, ਖਜ਼ਾਨਾ ਵਾਲਾ, ਸਿਵਲ ਲਾਈਨ ਦਾ ਸਾਰਾ ਖੇਤਰ, ਬਟਾਲਾ ਰੋਡ, ਇਸਲਾਮਾਬਾਦ, ਛੇਹਰਟਾ, ਖੰਡਵਾਲਾ, ਵੇਰਕਾ, ਮਜੀਠਾ ਰੋਡ, ਤਰਨ ਤਾਰਨ ਰੋਡ ਦੇ ਕਈ ਖੇਤਰ ਕੁੱਤਿਆਂ ਦੇ ਦਹਿਸ਼ਤ ਤੋਂ ਦੁਖੀ ਹਨ। ਕੁੱਤਿਆਂ ਦੀ ਵੱਧਦੀ ਜਨਸੰਖਿਆ ਨੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ। ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਸਿਰਫ਼ ਬੱਚੇ ਹੀ ਨਹੀਂ, ਕਈ ਆਦਮੀ ਵੀ ਹੋ ਰਹੇ ਹਨ।


rajwinder kaur

Content Editor

Related News