ਚੀਫ਼ ਖ਼ਾਲਸਾ ਦੀਵਾਨ ਵਲੋਂ ਯਤੀਮ ਬੱਚਿਆਂ ਨਾਲ ਕੀਤਾ ਗੈਰ ਮਨੁੱਖੀ ਵਰਤਾਰਾ ਬਰਦਾਸ਼ਤ ਨਹੀਂ: ਪ੍ਰੋ. ਬਲਜਿੰਦਰ ਸਿੰਘ

01/08/2021 3:03:06 PM

ਅੰਮ੍ਰਿਤਸਰ (ਅਨਜਾਣ) : ਸੈਂਟਰਲ ਖ਼ਾਲਸਾ ਯਤੀਮਖਾਨਾ ਜੋ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਿਹਾ ਹੈ ਵਲੋਂ 24 ਵਿਦਿਆਰਥੀਆਂ ਦੇ ਖ਼ਿਲਾਫ਼ ਅਣਮਨੁੱਖੀ ਵਰਤਾਰੇ ਦੀ ਦੀਵਾਨ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਨਹੀਂ ਹਨ ਤੇ ਨਾ ਹੀ ਆਪਣਾ ਘਰ ਹੈ। ਇਹ ਕੌਮ ਦੇ ਬੱਚੇ ਹਨ ਤੇ ਇਨ੍ਹਾਂ ਨੂੰ ਆਪਣੇ ਘਰ-ਪਰਿਵਾਰ ਦੇ ਬੱਚਿਆਂ ਨਾਲੋਂ ਵੀ ਵੱਧ ਪਿਆਰ ਕਰਨਾ ਚਾਹੀਦਾ ਹੈ। ਇਹ ਵਿਦਿਆਰਥੀ ਯਤੀਮਖਾਨੇ ’ਚ ਰਹਿੰਦੇ ਹਨ ਪਰ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਗਿਆਰਵੀਂ-ਬਾਰਵੀਂ ਜਮਾਤ ਦੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਨ੍ਹਾਂ ਨੂੰ ਜ਼ਬਰਨ 31 ਦਸੰਬਰ ਤੱਕ ਕੱਢ ਦਿੱਤਾ ਗਿਆ ਸੀ, ਜਦ ਕਿ ਯਤੀਮਖਾਨੇ ’ਚ ਹੀ ਇਨ੍ਹਾਂ ਬੱਚਿਆਂ ਦੇ ਇਕਾਂਤਵਾਸ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਬੱਚਿਆਂ ਦੀਆਂ ਕਲਾਸਾਂ ਲੱਗੀਆਂ ਨੂੰ ਤਕਰੀਬਨ ਇਕ ਮਹੀਨਾ ਹੋ ਗਿਆ ਹੈ ਤੇ ਯਤੀਮ ਹੋਣ ਦੇ ਕਾਰਣ ਇਹ ਬੱਚੇ ਪਹਿਲਾਂ ਹੀ ਪੜ੍ਹਾਈ ’ਚ ਕਮਜ਼ੋਰ ਹਨ। 

ਇਹ ਵੀ ਪੜ੍ਹੋ : ਬੈਠਕ ਤੋਂ ਪਹਿਲਾਂ ਕਿਸਾਨਾਂ ਦੇ ਹੱਕ 'ਚ ਨਵਜੋਤ ਸਿੱਧੂ ਨੇ ਕੀਤਾ ਟਵੀਟ, ਨਿਸ਼ਾਨੇ 'ਤੇ ਸਰਮਾਏਦਾਰ

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਬੱਚੇ ਕੜਾਕੇ ਦੀ ਠੰਢ ਕਾਰਣ ਯਤੀਮਖਾਨੇ ਦੇ ਗੇਟ ‘ਤੇ ਸਵੇਰ ਤੋਂ ਸ਼ਾਮ ਤੱਕ ਤਰਲੇ ਮਾਰਦੇ ਰਹਿੰਦੇ ਹਨ ਪਰ ਪ੍ਰਬੰਧਕਾਂ ਦੇ ਕਠੋਰ ਤੇ ਬੇਦਰਦੀ ਮਨ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਰਵੱਈਆ ਯਤੀਮ ਬੱਚਿਆਂ ਪ੍ਰਤੀ ਨਿਰਦਈ ਤੇ ਅਮਾਨਵੀ ਹੈ ਜਿਸ ਕਾਰਣ ਦੀਵਾਨ ਕੌਮ ਦੀ ਨਿਗਾਹ ’ਚ ਸ਼ਰਮਸਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਫ਼ ਖ਼ਾਲਸਾ ਦੀਵਾਨ ਇਨ੍ਹਾਂ ਯਤੀਮ ਬੱਚਿਆਂ ਨੂੰ ਸੰਭਾਲਣ ’ਚ ਅਸਮਰੱਥ ਹੈ ਤਾਂ ਸਰਬੱਤ ਖ਼ਾਲਸਾ ਦੇ ਜਥੇਦਾਰ ਹਵਾਰਾ ਵਲੋਂ ਬਣਾਈ ਕਮੇਟੀ ਯਤੀਮਖਾਨੇ ਨੂੰ ਅਪਨਾਉਣ ਲਈ ਤਿਆਰ ਹੈ। ਇਸ ਸਬੰਧੀ ਜਦ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਬੱਚਿਆਂ ਦੀਆਂ ਕੁਝ ਸ਼ਿਕਾਇਤਾਂ ਸਨ, ਜਿਸ ਕਰਕੇ ਉਨ੍ਹਾਂ ਬੱਚਿਆਂ ਦੇ ਵਾਰਸਾਂ ਕੋਲੋਂ ਜ਼ਿੰਮੇਵਾਰੀ ਲੈਣ ਉਪਰੰਤ ਤੇ ਡਾਕਟਰੀ ਕਰਵਾਉਣ ਉਪਰੰਤ ਅੰਦਰ ਦਾਖ਼ਲ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :  ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
 


Baljeet Kaur

Content Editor

Related News