ਬਾਇਓ ਕੈਮਿਸਟਰੀ ਲੈਬੋਰੇਟਰੀ ਦੇ ਸਟਾਫ ਦੀ ਲਾਪ੍ਰਵਾਹੀ ਕਾਰਨ ਨਵਜੰਮਿਆ ਬੱਚਾ ਮੁਸੀਬਤ ’ਚ

01/04/2021 2:52:46 PM

ਅੰਮ੍ਰਿਤਸਰ (ਰਮਨ) : ਗੁਰੂ ਨਾਨਕ ਦੇਵ ਹਸਪਤਾਲ ’ਚ ਸਥਿਤ ਬਾਇਓ ਕੈਮਿਸਟਰੀ ਲੈਬੋਰੇਟਰੀ ਦੇ ਸਟਾਫ਼ ਦੀ ਲਾਪ੍ਰਵਾਹੀ ਨਾਲ ਇਕ ਨਵਜੰਮਿਆ ਬੱਚਾ ਸੰਕਟ ’ਚ ਆ ਗਿਆ। ਰੇਡਿਓਲੋਜੀ ਵਿਭਾਗ ਦੇ ਪਹਿਲੀ ਮੰਜਿਲ ’ਤੇ ਸਥਿਤ ਲੈਬੋਰੇਟਰੀ ਦੇ ਸਟਾਫ ਨੇ ਇਕ ਨਵਜੰਮੇ ਬੱਚੇ ਦੀ ਪੀਲੀਆ ਰਿਪੋਰਟ 3. 2 ਦਰਜ ਕਰ ਦਿੱਤੀ , ਜਦੋਂ ਕਿ ਇਹ ਬੱਚਾ 24 ਲੈਵਲ ਦੇ ਪੀਲੀਏ ਨਾਲ ਪੀੜਤ ਸੀ । ਮਜੀਠਾ ਰੋਡ ਨਿਵਾਸੀ ਰਾਜਿੰਦਰ ਸ਼ਰਮਾ ਆਜ਼ਾਦ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਇਸ ਹਸਪਤਾਲ ’ਚ ਦਾਖ਼ਲ ਸੀ। ਡਲਿਵਰੀ ਤੋਂ ਬਾਅਦ ਉਸਨੇ ਮੁੰਡੇ ਨੂੰ ਜਨਮ ਦਿੱਤਾ। ਬੱਚਾ ਪੀਲੀਆ ਤੋਂ ਪੀੜਤ ਸੀ । ਜਦੋਂ ਨਿੱਜੀ ਲੈਬੋਰੇਟਰੀ ਤੋਂ ਜਾਂਚ ਕਰਵਾਈ ਗਈ ਤਾਂ ਪੀਲੀਆ ਦਾ ਪੱਧਰ 24 ਪਾਇਆ ਗਿਆ। ਪੀਡੀਐਟਰਿਕ ਵਿਭਾਗ ਦੇ ਡਾਕਟਰਾਂ ਨੇ ਜੀ. ਐੱਨ. ਡੀ. ਐੱਚ. ਦੀ ਬਾਇਓ ਕੈਮਿਸਟਰੀ ਲੈਬੋਰੇਟਰੀ ਤੋਂ ਟੈਸਟ ਕਰਵਾਉਣ ਲਈ ਕਿਹਾ। ਨਵਜੰਮੇ ਦਾ ਸੈਂਪਲ ਲੈ ਕੇ ਬਾਇਓ ਕੈਮਿਸਟਰੀ ਲੈਬ ਵਿਚ ਭੇਜਿਆ ਗਿਆ। ਇੱਥੇ ਪਹਿਲਾਂ ਤਾਂ ਸ਼ਾਮ ਤਕ ਰਿਪੋਰਟ ਨਹੀਂ  ਦਿੱਤੀ ਗਈ ਅਤੇ ਜਦੋਂ ਲੈਬੋਰੇਟਰੀ ਦੇ ਸਟਾਫ਼ ਮੈਂਬਰਾਂ ਨਾਲ ਸਖ਼ਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ 10 ਮਿੰਟ ’ਚ ਰਿਪੋਰਟ ਜਾਰੀ ਕਰ ਦਿੱਤੀ । ਰਿਪੋਰਟ ’ਚ ਨਵਜੰਮੇ ਦਾ ਪੀਲੀਆ ਲੈਵਲ 3. 2 ਦੱਸਿਆ ਗਿਆ । ਰਿਪੋਰਟ ਵੇਖ ਕੇ ਪੀਡੀਐਟਰਿਕ ਵਿਭਾਗ ਦੇ ਡਾਕਟਰ ਹੈਰਾਨ ਰਹਿ ਗਏ। ਉਨ੍ਹਾਂ ਨੇ ਤੀਜੀ ਵਾਰ ਪੀਲੀਆ ਦਾ ਟੈਸਟ ਕਰਵਾਉਣ ਲਈ ਕਿਹਾ। ਇਸ ਵਾਰ ਸ਼ਹਿਰ ਦੀ ਨਾਮਵਰ ਨਿੱਜੀ ਲੈਬ ਵਿਚ ਸੈਂਪਲ ਭੇਜਿਆ ਗਿਆ। ਲੈਬ ਦੀ ਰਿਪੋਰਟ ਵਿਚ ਪੀਲੀਆ ਦਾ ਪੱਧਰ 23.9 ਦੱਸਿਆ ਗਿਆ। ਯਾਨੀ ਕਿ ਦੋ ਨਿੱਜੀ ਲੈਬੋਰੇਟਰੀ ਦੀ ਰਿਪੋਰਟ ਬਿਲਕੁਲ ਠੀਕ ਸੀ ਪਰ ਜੀ. ਐੱਨ. ਡੀ. ਐੱਚ. ਸਥਿਤ ਲੈਬ ਦੀ ਰਿਪੋਰਟ ਗਲਤ ਪਾਈ ਗਈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ

ਰਜਿਸਟਰ ਨਾਲ ਕੀਤੀ ਛੇੜਛਾੜ?
ਪੀਡੀਐਟਰਿਕ ਵਿਭਾਗ ਦੇ ਡਾਕਟਰਾਂ ਨੇ ਇਸ ਸਬੰਧੀ ਲੈਬ ਦੇ ਸਟਾਫ਼ ਤੋਂ ਜਵਾਬ ਮੰਗਿਆ ਅਤੇ ਦੱਸਿਆ ਕਿ ਨਵਜੰਮੇ ਬੱਚੇ ਦਾ ਪੀਲੀਆ ਲੈਵਲ 23. 0 ਹੀ ਸੀ ਪਰ ਰਿਪੋਰਟ ’ਚ ਇਹ 3.0 ਦਰਜ ਕੀਤਾ ਗਿਆ। ਇਹ ਕਲੈਰੀਕਲ ਗਲਤੀ ਕਾਰਣ ਹੋਇਆ। ਰਾਜਿੰਦਰ ਸ਼ਰਮਾ ਅਨੁਸਾਰ ਉਨ੍ਹਾਂ ਨੇ ਲੈਬ ਦੇ ਸਟਾਫ਼ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੇਰੇ ਸਾਹਮਣੇ ਰਜਿਸਟਰ ਰੱਖ ਦਿੱਤਾ, ਜਿਸ ’ਤੇ ਲੈਵਲ 23. 0 ਹੀ ਲਿਖਿਆ ਸੀ। ਸ਼ਰਮਾ ਅਨੁਸਾਰ ਸਟਾਫ ਨੇ ਚਲਾਕੀ ਦਿਖਾਉਂਦਿਆਂ 3. 0 ਦੇ ਅੱਗੇ 2 ਲਿਖ ਕੇ ਇਸਨੂੰ 23. 0 ਬਣਾ ਦਿੱਤਾ ਸੀ। ਉਨ੍ਹਾਂ ਨੂੰ ਸ਼ੱਕ ਇਸ ਲਈ ਹੋਇਆ ਕਿਉਂਕਿ 3. 2 ਦੇ ਅੱਗੇ ਜੋ 2 ਲਿਖਿਆ ਸੀ ਉਸਦੀ ਸਿਆਹੀ ਵੱਖਰੀ ਸੀ। ਯਾਨੀ 2 ਲਿਖਣ ਲਈ ਦੂਜੇ ਪੈੱਨ ਦੀ ਵਰਤੋਂ ਕੀਤੀ ਗਈ ਸੀ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਟਾਫ ਨੇ ਰਾਜੀਨਾਮਾ ਕਰਨ ਲਈ ਕਿਹਾ । ਸ਼ਰਮਾ ਅਨੁਸਾਰ ਇਹ ਬਹੁਤ ਗੰਭੀਰ ਮਾਮਲਾ ਹੈ। ਮੈਂ ਇਸ ਮਾਮਲੇ ਦੀ ਸ਼ਿਕਾਇਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਕਰ ਦਿੱਤੀ ਹੈ। ਪੀਡੀਐਟਰਿਕ ਵਿਭਾਗ ਦੇ ਡਾਕਟਰਾਂ ਨੇ ਵੀ ਲੈਬੋਰੇਟਰੀ ਸਟਾਫ ਤੋਂ ਜਵਾਬ ਤਲਬ ਕੀਤਾ ਹੈ।

ਇਹ ਵੀ ਪੜ੍ਹੋ : ਅੱਤਵਾਦ ਨਾਲ ਲੋਹਾ ਲੈਣ ਵਾਲੇ ਹਿੰਦੂ ਸ਼ਿਵ ਸੈਨਾ ਨੇਤਾ ਕੁੱਕੂ ਨੇ ਆਪਣੀ ਜਾਨ ਨੂੰ ਦੱਸਿਆ ਖ਼ਤਰਾ

ਡਾਕਟਰਾਂ ਅਨੁਸਾਰ ਅਕਸਰ ਉਨ੍ਹਾਂ ਨੂੰ ਗਲਤ ਰਿਪੋਰਟ ਮਿਲ ਰਹੀ ਹੈ। ਇਸ ਨਾਲ ਇਲਾਜ ਸ਼ੁਰੂ ਕਰਨ ਵਿਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਆਧਾਰ ’ਤੇ ਹੀ ਉਹ ਟਰੀਟਮੈਂਟ ਕਰ ਸਕਦੇ ਹਨ ਅ ਤੇ ਜੇਕਰ ਰਿਪੋਰਟ ਵਿਚ ਹੀ ਕੁਝ ਦਰਜ ਨਾ ਕੀਤਾ ਜਾਵੇ ਤਾਂ ਉਹ ਨਵਜੰਮੇ ਨੂੰ ਘਰ ਹੀ ਭੇਜ ਦੇਣਗੇ । ਘਰ ਵਿਚ ਨਵਜੰਮੇ ਦੀ ਹਾਲਤ ਵਿਗਡ਼ ਸਕਦੀ ਹੈ। ਲੈਬ ਸਟਾਫ ਦੀ ਲਾਪ੍ਰਵਾਹੀ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੈਬੋਰੇਟਰੀ ਵਿਚ ਜਾਂ ਤਾਂ ਰਿਪੋਰਟ ਤਿਆਰ ਨਹੀਂ ਕੀਤੀ ਜਾ ਰਹੀ ਜਾਂ ਫਰਜ਼ੀ ਰਿਪੋਰਟ ਦੇ ਕੇ ਸਟਾਫ ਡਿਊਟੀ ਕਰ ਰਿਹਾ ਹੈ । ਗਲਤ ਰਿਪੋਰਟ ਦੇ ਆਧਾਰ ’ਤੇ ਜੇਕਰ ਨਵਜੰਮੇ ਬੱਚੇ ਦਾ ਟਰੀਟਮੈਂਟ ਨਹੀਂ ਕੀਤਾ ਜਾਂਦਾ ਤਾਂ ਇਹ ਜ਼ੋਖਮ ਭਰਿਆ ਹੋ ਸਕਦਾ ਸੀ । ਜੇਕਰ ਸਰਕਾਰੀ ਲੈਬ ਦੀ ਰਿਪੋਰਟ ਦੇ ਆਧਾਰ ’ਤੇ ਪੀਲੀਆ ਲੈਵਲ 3. 0 ਵੇਖ ਕੇ ਡਾਕਟਰ ਬੱਚੇ ਨੂੰ ਘਰ ਭੇਜ ਦਿੰਦੇ ਤਾਂ ਇਹ ਬੇਹੱਦ ਖਤਰਨਾਕ ਹੁੰਦਾ।

ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਦਰਜਾ ਚਾਰ ਕਰਮਚਾਰੀ ਜਾਂ ਲੈਬ ਟੈਕਨੀਸ਼ੀਅਨ!
ਜਾਣਕਾਰੀ ਅਨੁਸਾਰ ਲੈਬੋਰੇਟਰੀ ਵਿਚ ਲੈਬ ਟੈਕਨੀਸ਼ੀਅਨ ਦੇ ਰੂਪ ਵਿਚ ਤਾਇਨਾਤ ਕਰਮਚਾਰੀ ਕੁਝ ਸਾਲ ਇੱਥੇ ਦਰਜਾਚਾਰ ਕਰਮਚਾਰੀ ਦੇ ਰੂਪ ਵਿਚ ਕੰਮ ਕਰਦੇ ਰਹੇ ਹਨ। ਜਦੋਂ ਵਿਭਾਗ ਨੇ ਲੈਬ ਟੈਕਨੀਸ਼ੀਅਨ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਤਾਂ ਇਹ ਦਰਜਾਚਾਰ ਕਰਮਚਾਰੀ ਕਿਸੇ ਜਾਅਲੀ ਯੂਨੀਵਰਸਿਟੀ ਤੋਂ ਡਿਪਲੋਮਾ ਤਿਆਰ ਕਰਵਾ ਲਿਆਏ ਅਤੇ ਲੈਬ ਟੈਕਨੀਸ਼ੀਅਨ ਦੇ ਰੂਪ ਵਿਚ ਨੌਕਰੀ ਲੈ ਲਈ। ਕਈ ਤਾਂ ਕੇਰਲ ਯੂਨੀਵਰਸਿਟੀ ਤੋਂ ਡਿਪਲੋਮਾ ਲੈ ਆਏ, ਜੋ ਜਾਇਜ਼ ਨਹੀਂ । ਇਕ ਸਫਾਈ ਕਰਮਚਾਰੀ ਲੈਬ ਟੈਕਨੀਸ਼ੀਅਨ ਦੇ ਰੂਪ ਵਿਚ ਨਵਜੰਮੇ ਬੱਚਿਆਂ ਦੀ ਟੈਸਟ ਰਿਪੋਰਟ ਕਿਵੇਂ ਵੇਖ ਸਕਦਾ ਹੈ। ਅਜਿਹੇ ਕਰਮਚਾਰੀਆਂ ਤੋਂ ਠੀਕ ਰਿਪੋਰਟ ਦੀ ਉਮੀਦ ਨਹੀਂ ਕੀਤੀ ਜਾ ਸਕਦੀ । ਵਿਭਾਗ ਇਸ ਮਾਮਲੇ ਦੀ ਜਾਂਚ ਕਰਵਾਏ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ।


Baljeet Kaur

Content Editor

Related News