ਅਸਲਾ ਲਾਈਸੰਸ ਧਾਰਕਾਂ ਨੂੰ DC ਨੇ ਦਿੱਤੀ ਰਾਹਤ, ਹੁਣ ਨਹੀਂ ਖਰੀਦਣੀ ਪਵੇਗੀ ਰੈੱਡ ਕਰਾਸ ਤੋਂ 11 ਹਜ਼ਾਰ ਦੀ ਫਾਈਲ

05/30/2022 2:05:26 PM

ਅੰਮ੍ਰਿਤਸਰ (ਨੀਰਜ) - ਜ਼ਿਲ੍ਹੇ ਦੇ ਪ੍ਰਬੰਧਕੀ ਪ੍ਰਬੰਧਾਂ ’ਚ ਜਿਥੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਵੱਡੇ ਫੇਰਬਦਲ ਅਤੇ ਸੁਧਾਰ ਕੀਤੇ ਜਾ ਰਹੇ ਹਨ, ਉਥੇ ਅਸਲਾ ਲਾਈਸੰਸ ਧਾਰਕਾਂ ਨੂੰ ਰਾਹਤ ਦਿੰਦੇ ਹੋਏ ਡੀ. ਸੀ. ਨੇ ਇਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਆਦੇਸ਼ ਤਹਿਤ ਨਵਾਂ ਅਸਲਾ ਲਾਈਸੰਸ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਹੁਣ ਰੈੱਡ ਕਰਾਸ ਦਫ਼ਤਰ ਤੋਂ 11 ਹਜ਼ਾਰ ਰੁਪਏ ਦੀ ਫਾਈਲ ਨਹੀਂ ਖਰੀਦਣੀ ਪਵੇਗੀ, ਸਗੋਂ ਸੇਵਾ ਕੇਂਦਰ ਤੋਂ ਬਿਨੈ ਪੱਤਰ ਫ਼ਾਰਮ ਲੈ ਕੇ ਭਰਨਾ ਪਵੇਗਾ ਅਤੇ ਇਸ ’ਤੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਜ਼ਿਲ੍ਹਾ ਨਿਆਂ-ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਆਰਮਜ਼ ਰੁਲਜ਼ 2016 ਨੂੰ ਪੂਰੇ ਜ਼ਿਲ੍ਹੇ ’ਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਅਸਲਾ ਲਾਈਸੰਸ ਧਾਰਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਾਬਕਾ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰ ’ਚ ਸ਼ੁਰੂ ਹੋਈ ਸੀ ਰਵਾਇਤ
ਅਸਲਾ ਲਾਈਸੰਸ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ 10 ਸਾਲ ਦੇ ਕਾਰਜਕਾਲ ’ਚ ਤਤਕਾਲੀਨ ਡੀ. ਸੀ. ਕਾਹਨ ਸਿੰਘ ਪੰਨੂ ਵੱਲੋਂ ਰੈੱਡ ਕਰਾਸ ਦਾ ਖਜ਼ਾਨਾ ਭਰਨ ਲਈ ਰੈੱਡ ਕਰਾਸ ਦਫ਼ਤਰ ਤੋਂ 11 ਹਜ਼ਾਰ ਰੁਪਏ ਦੀ ਫਾਈਲ ਭਰਨ ਦੀ ਰਵਾਇਤ ਸ਼ੁਰੂ ਕੀਤੀ ਸੀ। ਹਾਲਾਂਕਿ ਇਸ ਲਈ ਕੋਈ ਸਰਕਾਰੀ ਨਿਯਮ ਨਹੀਂ ਸੀ, ਸਿਰਫ ਰੈੱਡ ਕਰਾਸ ਦੀ ਆਮਦਨੀ ਵਧਾਉਣ ਲਈ ਇਹ ਰਵਾਇਤ ਸ਼ੁਰੂ ਕੀਤੀ ਗਈ ਸੀ। ਇਸ ਤੋਂ ਲਾਈਸੰਸ ਅਪਲਾਈ ਕਰਨ ਵਾਲਿਆਂ ਨੂੰ ਭਾਰੀ ਨੁਕਸਾਨ ਹੁੰਦਾ ਸੀ, ਕਿਉਂਕਿ ਜਦ ਡਿਪਟੀ ਕਮਿਸ਼ਨਰ ਜਾਂ ਏ.ਡੀ.ਸੀ. ਵੱਲੋਂ ਫਾਈਲ ਰੱਦ ਕਰ ਦਿੱਤੀ ਜਾਂਦੀ ਤਾਂ ਲਾਈਸੰਸ ਅਪਲਾਈ ਕਰਨ ਵਾਲੇ ਵਿਅਕਤੀ ਦਾ 11 ਹਜ਼ਾਰ ਰੁਪਿਆ ਮਿੱਟੀ ਹੋ ਜਾਂਦਾ ਸੀ।

ਸਿਟੀ ਪੁਲਸ ਕਮਿਸ਼ਨਰੇਟ ਸਿਸਟਮ ’ਚ ਮਿਲਦੀ ਹੈ ਇਕ ਹਜ਼ਾਰ ਰੁਪਏ ਦੀ ਫਾਈਲ
ਅਸਲਾ ਲਾਈਸੰਸ ਦੀ ਫਾਈਲ ਭਰਨ ਦੇ ਮਾਮਲੇ ’ਚ ਸਿਟੀ ਪੁਲਸ ਕਮਿਸ਼ਨਰੇਟ ਸਿਸਟਮ ਕਾਫ਼ੀ ਆਸਾਨ ਹੈ, ਇਥੇ ਸਿਰਫ 1 ਹਜ਼ਾਰ ਰੁਪਏ ’ਚ ਅਸਲਾ ਲਾਈਸੰਸ ਦੀ ਫਾਈਲ ਮਿਲ ਜਾਂਦੀ ਹੈ। ਡੀ. ਸੀ. ਪੀ. ਲਾਅ ਐਂਡ ਆਰਡਰ ਵੱਲੋਂ ਸਾਧਾਰਨ ਬਿਨੈ-ਪੱਤਰ ’ਤੇ ਬਿਨੈਕਾਰ ਦੀ ਇੰਟਰਵਿਊ ਕੀਤੀ ਜਾਂਦੀ ਹੈ ਅਤੇ ਇੰਟਰਵਿਊ ਪਾਸ ਹੋਣ ’ਤੇ ਫਾਈਲ ਮਿਲਦੀ ਹੈ ਪਰ ਡੀ. ਸੀ. ਦਫ਼ਤਰ ਦੇ ਸਿਸਟਮ ’ਚ ਪਹਿਲਾਂ 11 ਹਜ਼ਾਰ ਰੁਪਏ ਦੀ ਫਾਈਲ ਰੈੱਡ ਕਰਾਸ ਦਫ਼ਤਰ ਤੋਂ ਖਰੀਦਣੀ ਪੈਂਦੀ ਸੀ ਅਤੇ ਜ਼ਿਆਦਾਤਰ ਫਾਈਲਾਂ ਨੂੰ ਡੀ. ਸੀ. ਜਾਂ ਏ.ਡੀ.ਸੀ. ਵੱਲੋਂ ਰੱਦ ਕਰ ਦਿੱਤਾ ਜਾਂਦਾ ਸੀ। 

ਦੇਹਾਤੀ ਖੇਤਰ ’ਚ ਅਸਲਾ ਲਾਈਸੰਸ ਧਾਰਕਾਂ ਦੀ ਗਿਣਤੀ ਜ਼ਿਆਦਾ
ਅਸਲਾ ਲਾਈਸੰਸ ਧਾਰਕਾਂ ਦੀ ਗੱਲ ਕਰੀਏ ਤਾਂ ਦੇਹਾਤੀ ਖੇਤਰ ਜੋ ਸਿੱਧਾ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦੇਹਾਤੀ ਦੇ ਦਾਇਰੇ ਵਿਚ ਆਉਂਦਾ ਹੈ। ਇਥੇ ਅਸਲਾ ਲਾਈਸੰਸ ਧਾਰਕਾਂ ਦੀ ਗਿਣਤੀ ਸਿਟੀ ਪੁਲਸ ਤੋਂ ਜ਼ਿਆਦਾ ਹੈ। ਅੰਕੜਿਆਂ ਅਨੁਸਾਰ ਦੇਹਾਤੀ ਇਲਾਕੇ ’ਚ ਇਸ ਸਮੇਂ ਲੱਗਭੱਗ 32 ਹਜ਼ਾਰ ਦੇ ਕਰੀਬ ਅਸਲਾ ਲਾਈਸੰਸ ਹਨ, ਜਦਕਿ ਸਿਟੀ ’ਚ 25 ਹਜ਼ਾਰ ਦੇ ਕਰੀਬ ਲਾਈਸੰਸ ਹਨ। ਦੇਹਾਤੀ ਇਲਾਕੇ ’ਚ ਜ਼ਿਆਦਾਤਰ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਅਤੇ ਖੇਤੀਬਾਡ਼ੀ ਕਰਨ ਵਾਲੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀਆਂ ਨੇ ਅਸਲਾ ਲਾਈਸੰਸ ਬਣਾਇਆ ਹੈ ਅਤੇ ਡੀ. ਸੀ. ਦਫਤਰ ’ਚ ਇਸ ਸਮੇਂ ਨਵੇਂ ਲਾਈਸੰਸਾਂ ਲਈ ਵੀ ਦਰਜਨਾਂ ਬਿਨੈ-ਪੱਤਰ ਪੈਂਡਿੰਗ ਹਨ।

ਨਵੇਂ ਅਸਲਾ ਲਾਈਸੰਸ ਦੀ ਪ੍ਰੀਕ੍ਰਿਆ

. ਨਵੇਂ ਅਸਲਾ ਲਾਈਸੰਸ ਦੀ ਪ੍ਰੀਕ੍ਰਿਆ ਤਹਿਤ ਫ਼ਾਰਮ ਏ ਪੂਰੀ ਤਰ੍ਹਾਂ ਨਾਲ ਕੰਪਲੀਟ ਕਰਨ, ਜਿਸ ਵਿਚ ਚਾਰ ਫੋਟੋਆਂ, ਆਧਾਰ ਕਾਰਡ, ਪੈਨ ਕਾਰਡ, ਘਰ ਦਾ ਨਕਸ਼ਾ ਅਤੇ ਡੋਪ ਟੈਸਟ ਲਗਾਉਣ ਤੋਂ ਬਾਅਦ ਸੇਵਾ ਕੇਂਦਰ ਵਿਚ ਹੀ 8250 ਰੁਪਏ ਫੀਸ ਭਰਨੀ ਪਵੇਗੀ ਅਤੇ ਇਸ ਤੋਂ ਬਾਅਦ ਪੁਲਸ ਰਿਪੋਰਟ ਦੀ ਕਾਰਵਾਈ ਸ਼ੁਰੂ ਹੋਵੇਗੀ।
. ਨਵਾਂ ਵੈਪਨ ਐਡੀਸ਼ਨ ਕਰਨ ਲਈ ਬਿਨੈਕਾਰ ਨੂੰ 3915 ਰੁਪਏ ਦੀ ਸਰਕਾਰੀ ਫੀਸ ਸੇਵਾ ਕੇਂਦਰ ਵਿਚ ਭਰਨੀ ਪਵੇਗੀ।
. ਅਸਲਾ ਲਾਈਸੰਸ ਰੀਨਿਊ ਕਰਨ ਲਈ ਬਿਨੈਕਾਰ ਲਾਈਸੰਸ ਖਤਮ ਹੋਣ ਦੀ ਮਿਤੀ ਤੋਂ 60 ਦਿਨ ਪਹਿਲਾਂ ਅਪਲਾਈ ਕਰ ਸਕਦਾ ਹੈ। ਇਸ ਦੇ ਤਹਿਤ ਰੀਨਿਊ ਦੇ ਬਿਨੈ-ਪੱਤਰ ਨਾਲ ਪੁਲਸ ਰਿਪੋਰਟ ਜ਼ਰੂਰੀ ਹੈ। ਰੀਨਿਊ ਦੀ ਫੀਸ 4475 ਰੁਪਏ ਪ੍ਰਤੀ ਹਥਿਆਰ (ਬਿਨਾਂ ਲੇਟ ਫੀਸ) ਅਤੇ ਲੇਟ ਫੀਸ ਦੇ ਨਾਲ ਇਕ ਹਥਿਆਰ ਤਿੰਨ ਹਜ਼ਾਰ ਰੁਪਏ ਅਤੇ ਦੋ ਹਥਿਆਰ ਚਾਰ ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।
. ਅਸਲਾ ਲਾਈਸੰਸ ਦਾ ਅਧਿਕਾਰ ਖੇਤਰ ਯਾਨੀ ਸੂਬੇ ਤੋਂ ਬਾਹਰ ਦਾਇਰਾ ਵਧਾਉਣ ਲਈ ਸੇਵਾ ਕੇਂਦਰ ਤੋਂ ਹੀ ਫ਼ਾਰਮ ਲੈ ਕੇ 1700 ਰੁਪਏ ਫੀਸ ਭਰਨੀ ਪਵੇਗੀ।
. ਕਾਰਤੂਸ ਵਧਾਉਣ ਲਈ ਆਰਮਜ਼ ਰੁਲਜ਼ ਅਨੁਸਾਰ 200 ਕਾਰਤੂਸ ਖਰੀਦਣ ਅਤੇ 100 ਕਾਰਤੂਸ ਰੱਖਣ ਦੀ ਆਗਿਆ ਹੈ। ਇਸ ਦੇ ਲਈ 1110 ਰੁਪਏ ਫੀਸ ਤੈਅ ਕੀਤੀ ਗਈ ਹੈ।
. ਹਥਿਆਰ ਦਰਜ਼ ਕਰਵਾਉਣ ਅਤੇ ਬੋਰ ਦੀ ਬਦਲੀ ਲਈ ਸੇਵਾ ਕੇਂਦਰ ਵਿਚ ਹੀ 1700 ਰੁਪਏ ਫੀਸ ਜਮ੍ਹਾ ਕਰਨੀ ਪਵੇਗੀ।
.  ਅਸਲਾ ਧਾਰਕ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਵਾਰਿਸ ਅਸਲਾ ਦਾ ਨਿਬੇਡ਼ਾ ਕਰਨ ਲਈ ਡੈਥ ਸਰਟੀਫਿਕੇਟ ਨਾਲ 2200 ਰੁਪਏ ਫੀਸ ਜਮ੍ਹਾ ਕਰਵਾਉਣੀ ਪਵੇਗੀ।
. ਅਸਲਾ ਲਾਈਸੰਸ ਨੂੰ ਕੈਂਸਲ ਕਰਵਾਉਣ ਲਈ ਸੇਵਾ ਕੇਂਦਰ ਤੋਂ ਹੀ ਫ਼ਾਰਮ ਲੈਣਾ ਪਵੇਗਾ ਅਤੇ ਇਸ ਦੇ ਲਈ 1700 ਰੁਪਏ ਫੀਸ ਭਰਨੀ ਪਵੇਗੀ।


rajwinder kaur

Content Editor

Related News