ਮਰੀਜ਼ਾਂ ਦੀ ਜਾਨ ਬਚਾਉਣ ਵਾਲੀਆਂ ਐਂਬੂਲੈਂਸਾਂ ਹੋ ਚੁੱਕੀਆਂ ਖੁਦ ਬੀਮਾਰ

09/10/2018 6:06:56 AM

ਤਰਨਤਾਰਨ,   (ਰਮਨ)-  ਕਿਸੇ ਹਾਦਸੇ ਵਿਚ ਜ਼ਖਮੀ ਜਾਂ ਹੋਰ ਸਰੀਰਕ ਸਮੱਸਿਆ ਕਾਰਨ ਬੀਮਾਰ ਹੋਣ ਦੀ ਸੂਰਤ ਵਿਚ ਮਰੀਜ਼ ਨੂੰ ਸਭ ਤੋਂ ਪਹਿਲਾਂ ਹਸਪਤਾਲ ਤੱਕ ਲਿਜਾਣ ਲਈ ਐਂਬੂਲੈਂਸ ਹੀ ਇਕ ਸਹਾਰਾ ਹੁੰਦਾ ਹੈ ਪਰ ਜੇ ਐਂਬੂਲੈਂਸ ਆਪ ਖੁਦ ਬੀਮਾਰ ਹੋਵੇ ਤਾਂ ਸੋਚੋ ਮਰੀਜ਼ ਦਾ ਕੀ ਹਾਲ ਹੋਵੇਗਾ। ਇਸ ਦੀ ਤਾਜ਼ਾ ਮਿਸਾਲ ਜ਼ਿਲੇ ਵਿਚ ਚੱਲ ਰਹੀਆਂ 108 ਨੰਬਰ ਵਾਲੀਆਂ 10 ਐਂਬੂਲੈਂਸਾਂ ਤੋਂ ਮਿਲਦੀ ਹੈ, ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਾ ਦੇਣਾ ਕਿਸੇ ਮਰੀਜ਼ ਦੀ ਕੀਮਤੀ ਜਾਨ ਤੱਕ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਮਾਰ ਹਾਲਤ ਵਿਚ ਮਰੀਜ਼ਾਂ ਵੱਲੋਂ ਇਨ੍ਹਾਂ ਕੰਡਮ ਹੋ ਚੁੱਕੀਆਂ ਐਂਬੂਲੈਂਸਾਂ ’ਤੇ ਸਫਰ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਐਂਬੂਲੈਂਸਾਂ ਦੀ ਹਾਲਤ ਹੋਈ ਕੰਡਮ- ਸਾਲ 2011 ਵਿਚ ਜ਼ਿਲੇ ਦੇ ਮਰੀਜ਼ਾਂ ਦੀ ਸੇਵਾ ਵਿਚ ਹਾਜ਼ਰ ਹੋਈਆਂ 10 ਐਂਬੂਲੈਂਸਾਂ ਦੀ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਹੈ। ਇਨ੍ਹਾਂ ’ਚ ਵਾਧੂ ਟਾਇਰ (ਸਟੱਪਨੀ) ਤੇ ਜੈੱਕ ਵੀ ਮੌਜੂਦ ਨਹੀਂ ਹੈ। ਮਰੀਜ਼ ਦੀ ਸਹੂਲਤ ਲਈ ਗੱਡੀ ਅੰਦਰ ਲੱਗੇ ਆਕਸੀਜਨ ਸਿਲੰਡਰ ਤਾਂ ਮੌਜੂਦ ਹਨ ਪਰ ਇਨ੍ਹਾਂ ਦੀਆਂ ਪਾਈਪਾਂ ਦੀ ਮਾਡ਼ੀ ਹਾਲਤ ਹੋ ਚੁੱਕੀ ਹੈ। ਸਟੇਅਰਿੰਗ ’ਚੋਂ ਤੇਲ ਲੀਕ ਕਰ ਰਿਹਾ ਹੈ, ਜੋ ਕਈ ਵਾਰ ਹਾਦਸੇ ਦਾ ਕਾਰਨ ਬਣ ਚੁੱਕਾ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਦੀਆਂ ਚੈੱਸੀਆਂ ਵੀ ਗਲ਼-ਸਡ਼ ਕੇ ਖਰਾਬ ਹੋ ਗਈਆਂ ਹਨ ਅਤੇ ਬ੍ਰੇਕਾਂ ਘੱਟ ਲੱਗਦੀਆਂ ਹਨ। ਇੰਜਣ ਦੀ ਹਾਲਤ ਵੀ ਬਹੁਤ ਜ਼ਿਆਦਾ ਚੰਗੀ ਨਹੀਂ ਹੈ।
 ਨਹੀਂ ਹਨ ਮੌਜੂਦ ਡਲਿਵਰੀ ਕਿੱਟਾਂ- ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਈ 108 ਐਂਬੂਲੈਂਸਾਂ ਵਿਚ ਗਰਭਵਤੀ ਮਹਿਲਾਵਾਂ ਲਈ ਵਰਤੀਅਾਂ ਜਾਣ ਵਾਲੀਆਂ ਕੁਝ ਦਵਾਈਆਂ ਅਤੇ ਡਲਿਵਰੀ ਕਿੱਟਾਂ ਤੱਕ ਮੌਜੂਦ ਨਹੀਂ, ਇਹ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਵਿਚ ਸਟੇਚਰ ਖਰਾਬ ਅਤੇ ਕੰਡਮ ਹਾਲਤ ਵਿਚ ਹੋ ਚੁੱਕੇ ਹਨ।
ਜ਼ਿਆਦਾ ਸਪੀਡ ’ਤੇ ਨਹੀਂ ਚੱਲਦੀਆਂ ਐਂਬੂਲੈਂਸਾਂ- ਇਨ੍ਹਾਂ ਐਂਬੂਲੈਂਸਾਂ ਦੀਆਂ ਸਸਪੈਂਸ਼ਨਾਂ ਅਤੇ ਸ਼ਾਕਰ, ਕਮਾਨੀਆਂ ਸਹੀ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਇਸ ਵਿਚ ਸਫਰ ਕਰਨ ਵਾਲੇ ਮਰੀਜ਼ ਝਟਕੇ ਸਹਾਰਨ ਲਈ ਮਜਬੂਰ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਗੱਡੀਆਂ ਦੀ ਸਪੀਡ 60 ਤੋਂ ਵੱਧ ਪਾਰ ਕਰਦੇ ਹੀ ਮਰੀਜ਼ਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ। ਐਮਰਜੈਂਸੀ ਹਾਲਤ ’ਚ ਮਰੀਜ਼ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਲਈ ਐਂਬੂਲੈਂਸ ਦਾ ਸਹਾਰਾ ਲਿਆ ਜਾਂਦਾ ਹੈ ਪਰ ਅੱਜ ਦੀ ਨਵੀਂ ਤਕਨੀਕ ਦੇ ਯੁੱਗ ਵਿਚ ਇਹ 108 ਐਂਬੂਲੈਂਸਾਂ ਦੀ ਹਾਲਤ ਖਸਤਾ ਹੋਣ ਕਾਰਨ ਮਰੀਜ਼ ਇਸ ’ਤੇ ਸਫਰ ਕਰਨ ਤੋਂ ਕਿਨਾਰਾ ਕਰ ਰਹੇ ਹਨ।
 ਸਮੇਂ ’ਤੇ ਨਹੀਂ ਹੁੰਦੀ ਸਰਵਿਸ-ਇਹ ਐਂਬੂਲੈਂਸਾਂ ਕਰੀਬ 5 ਲੱਖ ਕਿਲੋਮੀਟਰ ਤੋਂ ਵੱਧ ਚੱਲ ਚੁੱਕੀਆਂ ਹਨ, ਇਨ੍ਹਾਂ ਦੀ ਸਰਵਿਸ ਵਿਭਾਗ ਦੇ ਪ੍ਰਬੰਧਕਾਂ ਵੱਲੋਂ ਸਮੇਂ ’ਤੇ ਨਹੀਂ ਕਰਵਾਈ ਜਾਂਦੀ। ਗੱਡੀਆਂ ਦੀ ਸਰਵਿਸ ਜਿਥੇ 15 ਹਜ਼ਾਰ ਕਿਲੋਮੀਟਰ ਸਫਰ ਤੈਅ ਕਰਨ ਤੋਂ ਬਾਅਦ ਕਰਨੀ ਹੁੰਦੀ ਹੈ, ਇਥੇ ਇਨ੍ਹਾਂ ਦੀ ਸਰਵਿਸ 40 ਹਜ਼ਾਰ ਕਿਲੋਮੀਟਰ ਤੋਂ ਬਾਅਦ ਕੀਤੀ ਜਾਂਦੀ ਹੈ। ਸਰਕਾਰ ਕਰਵਾਏ ਮੁਹੱਈਆ ਨਵੀਆਂ ਐਂਬੂਲੈਂਸਾਂ-ਜ਼ਿਲਾ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਕੰਡਮ ਐਂਬੂਲੈਂਸਾਂ ਨੂੰ ਜਲਦ ਬੰਦ ਕਰ ਕੇ ਨਵੀਆਂ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾਣ।
 


Related News