‘ਐੱਸ. ਐੱਚ. ਓ. ਨੇ ਅਕਾਲੀ ਵਰਕਰਾਂ ਨਾਲ ਕੀਤੀ ਧੱਕੇਸ਼ਾਹੀ, ਇਨਸਾਫ ਲਈ ਜਾਵਾਂਗੇ ਹਾਈਕੋਰਟ’

07/31/2021 6:08:02 PM

ਅੰਮ੍ਰਿਤਸਰ (ਛੀਨਾ) : ਹਲਕਾ ਦੱਖਣੀ ਦੇ ਅਕਾਲੀ ਵਰਕਰਾਂ ’ਤੇ ਨਾਜਾਇਜ਼ ਪਰਚੇ ਦਰਜ ਕਰਨ ਵਾਲੇ ਪੁਲਸ ਥਾਣਾ ਸੁਲਤਾਨਵਿੰਡ ਦੇ ਐੱਸ. ਐੱਚ. ਓ. ਨੇ ਧੱਕੇਸ਼ਾਹੀ ਕਰਨ ’ਚ ਅੱਤ ਕਰ ਦਿਤੀ ਹੈ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਹਲਕਾ ਦੱਖਣੀ ਤੋਂ ਕਾਂਗਰਸੀ ਵਿਧਾਇਕ ਦਾ ਖਾਸਮਖਾਸ ਇਕ ਕਾਂਗਰਸੀ ਆਗੂ ਆਪਣੇ ਹੀ ਘਰ ’ਚ ਨਾਜਾਇਜ਼ ਤੌਰ ’ਤੇ ਅਫੀਮ ਦੀ ਖੇਤੀ ਕਰ ਰਿਹਾ ਹੈ ਜਿਸ ’ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਬਜਾਏ ਪੁਲਸ ਉਲਟਾ ਇਸ ਮਾਮਲੇ ਨੂੰ ਉਜਾਗਰ ਕਰਨ ਵਾਲੇ ਅਕਾਲੀਆਂ ’ਤੇ ਹੀ ਚੁੱਪ ਰਹਿਣ ਲਈ ਦਬਾਅ ਬਣਾ ਰਹੀ ਹੈ। ਗਿੱਲ ਨੇ ਕਿਹਾ ਕਿ ਅਕਾਲੀ ਵਰਕਰ ਜਗਜੀਤ ਸਿੰਘ ਦੇ ਪੁੱਤਰ ’ਤੇ ਪਿਸਤੌਲ ਨਾਲ ਹਮਲਾ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਸਾਰੇ ਸਬੂਤ ਦੇਣ ਦੇ ਬਾਵਜੂਦ ਵੀ ਥਾਣਾ ਸੁਲਤਾਨਵਿੰਡ ਦਾ ਐੱਸ. ਐੱਚ. ਓ. ਸਿਆਸੀ ਦਬਾਅ ਕਾਰਨ ਪਰਚਾ ਨਹੀ ਦਰਜ ਕਰ ਰਿਹਾ। ਦੂਜੇ ਪਾਸੇ ਇਕ ਕਾਂਗਰਸੀ ਦਿਲਬਾਗ ਸਿੰਘ ਜੋ ਕਿ ਹਲਕਾ ਵਿਧਾਇਕ ਦੀ ਸ਼ਹਿ ’ਤੇ ਰੋਜਾਨਾ ਹੀ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਖ਼ਿਲਾਫ਼ ਅਪਸ਼ਬਦ ਬੋਲ ਕੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਰਿਹਾ ਹੈ।

ਇਹ ਵੀ ਪੜ੍ਹੋ : 10 ਦਿਨ ਪਹਿਲਾਂ ਕੰਮ ’ਤੇ ਰੱਖੇ ਨੌਕਰ ਨੇ ਮਾਲਕ ਦੇ 5 ਸਾਲ ਦੇ ਬੇਟੇ ਨੂੰ ਕੀਤਾ ਅਗਵਾ, ਮੰਗੀ 5 ਲੱਖ ਦੀ ਫਿਰੌਤੀ

ਉਸ ਨੂੰ ਅਜਿਹੀਆ ਹਰਕਤਾਂ ਤੋਂ ਰੋਕਣ ਲਈ ਜੇਕਰ 2 ਅਕਾਲੀ ਵਰਕਰਾਂ ਨੇ ਜਜਬਾਤੀ ਹੁੰਦਿਆਂ 4 ਚਪੇੜਾਂ ਮਾਰ ਦਿਤੀਆ ਹਨ ਤਾਂ ਉਨ੍ਹਾਂ ਸਮੇਤ 3 ਹੋਰ ਵਰਕਰ ਜਿਹੜੇ ਕਿ ਮੌਕੇ ’ਤੇ ਮੌਜੂਦ ਹੀ ਨਹੀ ਸਨ, ਉਤੇ ਐੱਸ. ਐੱਚ. ਓ.ਨੇ ਕਿਡਨੈਪਿੰਗ ਦਾ ਨਾਜਾਇਜ਼ ਪਰਚਾ ਦਰਜ ਕਰ ਦਿਤਾ ਹੈ। ਗਿੱਲ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਮਾਣ ਸਨਮਾਨ ਦੇ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਉਕਤ ਕਾਂਗਰਸੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ 1 ਮਹੀਨਾ ਪਹਿਲਾਂ ਹੀ ਦਰਖ਼ਾਸਤ ਦਿਤੀ ਗਈ ਸੀ, ਜੇਕਰ ਪੁਲਸ ਨੇ ਉਸ ਦੇ ਖ਼ਿਲਾਫ਼ ਐਕਸ਼ਨ ਲਿਆ ਹੁੰਦਾਂ ਤਾਂ ਇਹ ਘਟਨਾ ਕਦੇ ਵੀ ਨਾ ਵਾਪਰਦੀ। ਗਿੱਲ ਨੇ ਤਾੜਨਾ ਕਰਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਦੀ ਸ਼ਹਿ ’ਤੇ ਅਕਾਲੀਆਂ ਨਾਲ ਵਧੀਕੀਆਂ ਕਰਨ ਵਾਲੇ ਐੱਸ. ਐੱਚ. ਓ. ਨੂੰ ਇਸ ਦਾ ਭਾਰੀ ਖਮਿਆਜਾ ਭੁੱਗਤਣਾ ਪਵੇਗਾ। ਗਿੱਲ ਨੇ ਅਖੀਰ ’ਚ ਆਖਿਆ ਕਿ ਹਲਕਾ ਦੱਖਣੀ ਦੇ ਅਕਾਲੀ ਵਰਕਰਾਂ ਨਾਲ ਪੁਲਸ ਵਲੋਂ ਕੀਤੀਆ ਜਾ ਰਹੀਆ ਵਧੀਕੀਆਂ ਦੇ ਮਾਮਲੇ ’ਚ ਇਨਸਾਫ਼ ਲੈਣ ਵਾਸਤੇ ਮਾਣਯੋਗ ਹਾਈਕੋਰਟ ਜਾਣ ਦੇ ਨਾਲ-ਨਾਲ ਡੀ. ਜੀ. ਪੀ.ਪੰਜਾਬ ਨੂੰ ਵੀ ਸਾਰੇ ਸਬੂਤ ਸੌਂਪੇ ਜਾਣਗੇ। ਇਸ ਸਮੇਂ ਸਾਬਕਾ ਸੀਨੀਅਰ ਡਿਪਟੀ ਮੈਅਰ ਅਵਤਾਰ ਸਿੰਘ ਟਰੱਕਾਂ ਵਾਲੇ, ਪੂਰਨ ਸਿੰਘ ਮੱਤੇਵਾਲ, ਸੁਰਿੰਦਰ ਸਿੰਘ ਸੁਲਤਾਨਵਿੰਡ, ਮਲਕੀਤ ਸਿੰਘ ਬੀ. ਡੀ. ਓ., ਗੁਰਪ੍ਰੀਤ ਸਿੰਘ ਸਾਬ ਤੇ ਹੋਰ ਵੀ ਹਾਜ਼ਰ ਸਨ।  

ਇਹ ਵੀ ਪੜ੍ਹੋ : ਲਗਾਤਾਰ ਤੀਜੇ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਸਰਕਾਰੀ ਸਕੂਲਾਂ ਦੀ ਝੰਡੀ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha