ਮਾਝੇ ਦੇ ਧੜੱਲੇਦਾਰ ਅਕਾਲੀ ਆਗੂ ਨੇ ਪਾਰਟੀ ਹਾਈਕਮਾਨ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

09/05/2020 9:37:59 PM

ਅੰਮ੍ਰਿਤਸਰ,(ਛੀਨਾ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਐਡੀਸ਼ਨਲ ਸਕੱਤਰ ਡਾ. ਏ. ਪੀ. ਸਿੰਘ ਤੇ ਮਾਝੇ ਦੇ ਧੜੱਲੇਦਾਰ ਆਗੂ ਸਮਝੇ ਜਾਣ ਵਾਲੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦਰਮਿਆਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਆਰ-ਪਾਰ ਦੀ ਲੜਾਈ ਤੱਕ ਆ ਪੁੱਜਾ ਹੈ। ਇਸ ਮਸਲੇ 'ਚ ਅਕਾਲੀ ਦਲ ਬਾਦਲ ਹਾਈਕਮਾਨ ਨੇ ਡਾ. ਏ. ਪੀ. ਸਿੰਘ ਤੇ ਉਸ ਦੇ ਸਾਥੀ ਡਾਕਟਰਾਂ ਖਿਲਾਫ ਇਕ ਮਹੀਨੇ 'ਚ ਐਕਸ਼ਨ ਲੈਣ ਦਾ ਭਰੋਸਾ ਦੇ ਕੇ ਤਲਬੀਰ ਸਿੰਘ ਗਿੱਲ ਦਾ ਰੋਸ ਸ਼ਾਂਤ ਕੀਤਾ ਸੀ ਪਰ ਮਿਥਿਆ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਹਾਈਕਮਾਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਖਫਾ ਹੋਏ ਗਿੱਲ ਨੇ ਅੱਜ ਇਕ ਵੀਡੀਓ ਜਾਰੀ ਕਰਕੇ ਜਿਥੇ ਇਕ ਮਿਆਨ 'ਚ 2 ਤਲਵਾਰਾਂ ਨਾ ਰਹਿਣ ਦੀ ਗੱਲ ਆਖ ਦਿਤੀ ਹੈ, ਉਥੇ ਹੀ ਪਾਰਟੀ ਹਾਈਕਮਾਨ ਨੂੰ ਇਸ ਮਸਲੇ 'ਚ 2 ਦਿਨ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿਤੀ ਹੈ ਕਿ ਜੇਕਰ 2 ਦਿਨਾਂ 'ਚ ਸੀਨੀਅਰ ਲੀਡਰਸ਼ਿਪ ਨੇ ਕੋਈ ਫੈਂਸਲਾ ਨਾ ਲਿਆ ਤਾਂ ਉਹ ਖੁਦ ਕੋਈ ਫੈਂਸਲਾ ਲੈਣ ਲਈ ਮਜ਼ਬੂਰ ਹੋਣਗੇ।

ਤਲਬੀਰ ਸਿੰਘ ਗਿੱਲ ਨੇ ਆਪਣੀ ਵੀਡੀਓ 'ਚ ਆਖਿਆ ਕਿ ਉਨ੍ਹਾਂ ਨੇ ਇਕ ਮਹੀਨਾਂ ਪਹਿਲਾਂ ਵੱਲਾ ਹਸਪਤਾਲ ਦੇ ਮੁਖੀ ਡਾ. ਏ. ਪੀ. ਸਿੰਘ ਤੇ ਉਸ ਦੇ ਕੁਝ ਸਾਥੀ ਡਾਕਟਰਾਂ ਦੀਆ ਮੰਨਮਾਨੀਆਂ ਖਿਲਾਫ ਵੀਡੀਓ ਜਾਰੀ ਕਰਕੇ ਮੁੱਦਾ ਉਠਾਇਆ ਸੀ ਪਰ ਸੀਨੀਅਰ ਲੀਡਰਸ਼ਿਪ ਦੇ ਇਕ ਮਹੀਨੇ 'ਚ ਕਾਰਵਾਈ ਦੇ ਭਰੋਸੇ ਤੋਂ ਬਾਅਦ ਉਹ ਚੁੱਪ ਕਰ ਗਏ ਸਨ ਪਰ ਦੁੱਖਦਾਈ ਗੱਲ ਹੈ ਕਿ ਮਹੀਨਾ ਬੀਤ ਜਾਣ ਦੇ ਬਾਵਜੂਦ ਅੱਜ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਕਿਹਾ ਕਿ 15 ਸਾਲ ਤੋਂ ਮੈਂ ਪੂਰੀ ਵਫਾਦਾਰੀ ਨਾਲ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਹੈ, ਤੇ ਹੁਣ ਵੀ ਜਿਹੜੇ ਹਲਕੇ 'ਚ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ, ਗੁਰੂ ਰਾਮਦਾਸ ਹਸਪਤਾਲ ਉਸੇ ਹਲਕੇ 'ਚ ਹੀ ਪੈਂਦਾ ਹੈ, ਜਿਥੋਂ ਦੁਖੀ ਹੋ ਕੇ ਨਿਕਲਦੇ ਲੋਕ ਦੇਖ ਕੇ ਮੈਨੂੰ ਭਾਰੀ ਦੁੱਖ ਹੁੰਦਾ ਹੈ। ਗਿੱਲ ਨੇ ਵੀਡੀਓ 'ਚ ਆਖਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਵੀ ਇਕ ਦਿਨ ਉਹੀ ਕੁਝ ਵਾਪਰਿਆ ਜੋ ਮੇਰੇ ਨਾਲ ਜੋ ਰੋਜ਼ ਵਾਪਰਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਡਾ. ਬਲਜੀਤ ਸਿੰਘ ਦੀ ਬਦਲੀ ਕਿਸੇ ਦੂਰ ਦੁਰਾਡੇ ਥਾਂ 'ਤੇ ਕਰਵਾ ਦਿਤੀ ਪਰ ਅੱਜ 6ਵੇਂ ਦਿਨ ਤੋਂ ਪਹਿਲਾਂ ਹੀ ਉਕਤ ਡਾਕਟਰ ਨੇ ਫੇਰ ਆਪਣੀ ਪਹਿਲਾਂ ਵਾਲੀ ਜਗ੍ਹਾ 'ਤੇ ਹੀ ਜੁਆਇਨ ਕਰ ਲਿਆ ਹੈ। ਤਲਬੀਰ ਗਿੱਲ ਨੇ ਆਖਿਆ ਕਿ ਮੈਂ ਜਾਗਦੀ ਜਮੀਰ ਵਾਲਾ ਇਨਸਾਨ ਹਾਂ, ਸਾਡੀ ਸੰਸਥਾ ਦੇ ਹਸਪਤਾਲਾਂ 'ਚ ਜੋ ਕੁਝ ਹੋ ਰਿਹਾ ਹੈ, ਜੇਕਰ ਦੇਖ ਕੇ ਮੈਂ ਵੀ ਅੱਖਾਂ ਬੰਦ ਕਰ ਲਵਾਂ ਤਾਂ ਮੇਰੀ ਜ਼ਮੀਰ ਮੈਨੂੰ ਕਦੇ ਵੀ ਮੁਆਫ ਨਹੀ ਕਰੇਗੀ। ਗਿੱਲ ਨੇ ਅੱਗੇ ਆਖਿਆ ਕਿ ਜੋ ਕੁਝ ਮੇਰੇ ਨਾਲ ਹੁਣ ਵਾਪਰ ਰਿਹਾ ਹੈ, ਜੇਕਰ ਇਨ੍ਹਾਂ ਹਾਲਤਾਂ 'ਚ ਰਹਿ ਕੇ ਵੀ ਮੈਂ ਲੋਕਾਂ ਵਿਚ ਵਿਚਰਾਂ ਤਾਂ ਇਹ ਮੇਰੇ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੋਵੇਗੀ। ਗਿੱਲ ਨੇ ਆਖਿਆ ਕਿ ਜੇਕਰ ਪਾਰਟੀ ਮੈਨੂੰ ਗਲਤ ਸਮਝਦੀ ਹੈ ਤਾਂ ਮੈਨੂੰ ਪਾਰਟੀ ਵਿਚੋਂ ਬਾਹਰ ਕੱਢ ਦਿਤਾ ਜਾਵੇ ਨਹੀ ਤਾਂ ਫਿਰ ਡਾਕਟਰਾਂ ਨੂੰ ਹਸਪਤਾਲ 'ਚੋਂ ਬਾਹਰ ਕਿਉ ਨਹੀ ਕੱਢਿਆ ਜਾ ਰਿਹਾ। ਗਿੱਲ ਨੇ ਅਖੀਰ 'ਚ ਆਖਿਆ ਕਿ ਇਹ ਲੜਾਈ ਮੇਰੀ ਨਿਜੀ ਨਹੀ ਬਲਕਿ ਗਰੀਬ ਲੋਕਾਂ ਦੀ ਹੈ, ਪਾਰਟੀ ਜੇਕਰ ਮੇਰੇ ਮਗਰੋਂ ਇਹ ਕੋਹੜ ਨਾ ਲਾਹ ਸਕੀ ਤਾਂ ਫਿਰ ਮੈਂ ਖੁਦ ਇਸ ਕੋਹੜ ਨੂੰ ਲਾਹ ਕੇ ਦਿਖਾਵਾਂਗਾ।


Deepak Kumar

Content Editor

Related News