ਅਕਾਲੀ ਦਲ ਨੇ ਸਰਕਾਰ ਦੀਆਂ ਨਾਕਾਮੀਆ ਖ਼ਿਲਾਫ਼ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

05/09/2022 2:58:55 PM

ਅੰਮ੍ਰਿਤਸਰ (ਛੀਨਾ, ਗੁਰਿੰਦਰ ਸਾਗਰ) - ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਤੇ ਦਿਹਾਤੀ ਦੇ ਵਫਦ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆ ਖ਼ਿਲਾਫ਼ ਪੰਜਾਬ ਦੇ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੇ ਹਾਲਾਤ ਇਨੇ ਬੁਰੀ ਤਰਾਂ ਨਾਲ ਵਿਗੜ ਚੁੱਕੇ ਹਨ ਕਿ ਸ਼ਰੇਆਮ ਕਤਲ, ਡਕੈਤੀਆਂ ਤੇ ਲੁੱਟਾਂ-ਖੋਹ ਦੀਆਂ ਘਟਨਾਵਾਂ ਵਾਪਰਣ ਲੱਗ ਪਈਆਂ ਹਨ। ਹਰ ਪਾਸੇ ਸਹਿਮ ਦਾ ਮਾਹੌਲ ਹੈ।

ਗਿੱਲ ਤੇ ਟਿੱਕਾ ਨੇ ਕਿਹਾ ਕਿ ਪੰਜਾਬ ’ਚ ਬਿਜਲੀ ਸੰਕਟ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨ, ਉਦਯੋਗਪਤੀ, ਵਿਪਾਰੀ, ਦੁਕਾਨਦਾਰ ਤੇ ਘਰੈਲੂ ਖਪਤਕਾਰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਤੋਂ ਢਾਡੇ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਛੂਹਣ ਕਾਰਨ ਆਮ ਲੋਕਾਂ ਦਾ ਸਾਰਾ ਸਿਸਟਮ ਹਿੱਲ ਗਿਆ ਹੈ। ਟੈਕਸ ਘਟਾ ਕੇ ਰਾਹਤ ਪ੍ਰਦਾਨ ਕਰਨ ਦੀ ਬਜਾਏ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਹਰਿਆਣਾ, ਗੁਜਰਾਤ ਤੇ ਹਿਮਾਚਲ ’ਚ ਹੋਣ ਵਾਲੀਆਂ ਚੋਣਾਂ ਕਾਰਨ ਉਕਤ ਰਾਜਾਂ ਦੇ ਦੌਰਿਆਂ ’ਤੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਵਿਰੋਧੀਆਂ ਨਾਲ ਸਿਆਸੀ ਕਿੜਾਂ ਕੱਢਣ ਲਈ ਪੰਜਾਬ ਪੁਲਸ ਦਾ ਦੁਰਉਪਯੋਗ ਕਰ ਰਹੇ ਹਨ, ਜਿਸ ਨਾਲ ਪੁਲਸ ਨੂੰ ਕਈ ਵਾਰ ਨਮੋਸ਼ੀ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਿੱਲ ਦੇ ਟਿੱਕਾ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਣ ’ਚ ਬੁਰੀ ਤਰਾਂ ਨਾਲ ਫੇਲ ਸਾਬਤ ਹੋਈ, ਜਿਸ ਨੂੰ ਸਤਾ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇਸ ਸਮੇਂ ਜ਼ਿਲ੍ਹਾ ਅਕਾਲੀ ਜੱਥਾ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ, ਜਥੇ.ਗੁਲਜਾਰ ਸਿੰਘ ਰਣੀਕੇ, ਅਨਿਲ ਜੋਸ਼ੀ ਦੋਵੇਂ ਸਾਬਕਾ ਮੰਤਰੀ, ਡਾ.ਦਲਬੀਰ ਸਿੰਘ ਵੇਰਕਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਬਲਜੀਤ ਸਿੰਘ ਜਲਾਲ ਉਸਮਾ ਤਿੰਨੇ ਸਾਬਕਾ ਵਿਧਾਇਕ, ਬੀ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਐਮ.ਆਰ., ਭਾਈ ਰਜਿੰਦਰ ਸਿੰਘ ਮਹਿਤਾ ਆਦਿ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। 

ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਕਾਲੀ ਹੋ ਗਏ ‘ਤੱਤੇ’ 
ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆ ਖ਼ਿਲਾਫ਼ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਦੇਣ ਪਹੁੰਚੇ ਅਕਾਲੀ ਦਲ ਦੇ ਨੁਮਾਇੰਦੇ ਉਦੋਂ ’ਤੱਤੇ’ ਹੋ ਗਏ ਜਦੋਂ ਡੀ.ਸੀ.ਦਫਤਰ ਦੇ ਬਾਹਰ 1 ਘੰਟੇ ਤੋਂ ਵੱਧ ਸਮਾਂ ਉਡੀਕਣ ਦੇ ਬਾਵਜੂਦ ਉਨ੍ਹਾਂ ਨੂੰ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ’ਚ ਆਏ ਅਕਾਲੀ ਆਗੂਆਂ ਨੇ ਡੀ.ਸੀ. ਦਫ਼ਤਰ ਦੇ ਬਾਹਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀ. ਸੀ.ਨੂੰ ਕੌਸਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਡੀ.ਸੀ.ਅਕਾਲੀ ਦਲ ਦੇ ਵਫਦ ਨੂੰ ਮਿਲਣ ਲਈ ਇਨਾ ਪਰੇਸ਼ਾਨ ਕਰ ਸਦਕਾ ਹੈ ਉਹ ਆਮ ਲੋਕਾਂ ਦੀ ਕਿਥੇ ਗੱਲ ਸੁਣਦਾ ਹੋਵੇਗਾ। ਉਧਰ ਦਫ਼ਤਰ ਦੇ ਬਾਹਰ ਰੌਲਾ ਪੈਂਦਾ ਦੇਖ ਡਿਪਟੀ ਕਮਿਸ਼ਨਰ ਨੇ ਤੁਰੰਤ ਅਕਾਲੀ ਦਲ ਦੇ ਵਫਦ ਨੂੰ ਅੰਦਰ ਬੁਲਾਇਆ। ਮੁਲਾਕਾਤ ਕਰਨ ’ਚ ਹੋਈ ਦੇਰੀ ਲਈ ਆਪਣੀ ਮਜਬੂਰੀ ਦੱਸਦਿਆਂ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਵੀ ਇਕ ਅਕਾਲੀ ਦਲ ਦਾ ਵਫਦ ਮੰਗ ਪੱਤਰ ਦੇ ਕੇ ਜਾ ਚੁੱਕਾ ਹੈ, ਜਿਸ ਕਾਰਨ ਮੈਨੂੰ ਨਹੀਂ ਪਤਾ ਸੀ ਕਿ ਸ਼ਹਿਰੀ ਤੇ ਦਿਹਾਤੀ ਦੇ ਵਫਦ ਨੇ ਵੱਖ-ਵੱਖ ਸਮੇਂ ’ਤੇ ਮਿਲਣ ਲਈ ਆਉਣਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਡੀਲਿੰਗ ਕਾਰਨ ਵਫਦ ਨੂੰ ਮਿਲਣ ’ਚ ਦੇਰੀ ਹੋਈ ਹੈ, ਜਾਣਬੁੱਝ ਕੇ ਤੁਹਾਨੂੰ ਉਡੀਕ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਆਪਣਾ ਗੁੱਸਾ ਸ਼ਾਂਤ ਕਰਦੇ ਹੋਏ ਅਕਾਲੀ ਆਗੂ ਡੀ.ਸੀ.ਨੂੰ ਮੰਗ ਪੱਤਰ ਸੌਂਪ ਦਫ਼ਤਰ ਤੋਂ ਬਾਹਰ ਆ ਗਏ। 


rajwinder kaur

Content Editor

Related News