ਅਜਨਾਲਾ ਖੇਤਰ ਦੀਆਂ ਮੰਡੀਆਂ ''ਚ ਕਣਕ ਦੇ ਲੱਗੇ ਢੇਰ

04/26/2018 10:23:59 AM

ਅਜਨਾਲਾ (ਬਾਠ) : ਸਥਾਨਕ ਸ਼ਹਿਰ ਦੀ ਮੁੱਖ ਦਾਣਾ ਮੰਡੀ ਸਮੇਤ ਇਲਾਕੇ ਦੀਆਂ ਮੰਡੀਆਂ 'ਚ 2 ਲੱਖ 25 ਹਜ਼ਾਰ 110 ਕੁਇੰਟਲ ਸਰਕਾਰੀ ਤੌਰ 'ਤੇ ਖਰੀਦ ਹੋ ਚੁੱਕੀ ਕਣਕ ਦੀ ਲਿਫਟਿੰਗ ਦੀ ਸੁਸਤ ਚਾਲ ਦੇ ਮੱਦੇਨਜ਼ਰ ਮੰਡੀਆਂ 'ਚ ਖਰੀਦ 2 ਲੱਖ ਕੁਇੰਟਲ ਦੇ ਕਰੀਬ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਜਦੋਂ ਕਿ ਇਸੇ ਤਰ੍ਹਾਂ ਸਰਕਾਰੀ ਖਰੀਦ ਦੀ ਢਿੱਲਮੱਠ ਤੇ ਬਾਰਦਾਨੇ ਦੀ ਕਮੀ ਕਾਰਨ 1 ਲੱਖ 30 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਦੇ ਢੇਰ ਮੰਡੀਆਂ 'ਚ ਖੁੱਲ੍ਹੇ ਆਸਮਾਨ ਹੇਠ ਲੱਗੇ ਹੋਏ ਹਨ। ਸਰਕਾਰੀ ਦਾਅਵਿਆਂ ਦੀ ਉਕਤ ਪੋਲ ਖੋਲ੍ਹ ਰਹੇ ਅੰਕੜੇ ਇਹ ਵੀ ਦਰਸਾ ਰਹੇ ਹਨ ਕਿ ਸਥਾਨਕ ਸ਼ਹਿਰ ਦੀ ਮੰਡੀ 'ਚ 8 ਦਿਨ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਖਰੀਦ ਦੇ ਪੈਸਿਆਂ ਦੀ ਅਦਾਇਗੀ ਦਾ ਇਕ ਧੇਲਾ ਵੀ ਆੜ੍ਹਤੀਆਂ ਜਾਂ ਕਿਸਾਨਾਂ ਦੀ ਜੇਬ 'ਚ ਨਹੀਂ ਆਇਆ।  ਇਸੇ ਦੌਰਾਨ ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਝਰ ਨੇ ਆਪਣੇ ਹੋਰਨਾਂ ਆੜ੍ਹਤੀ ਸਾਥੀਆਂ ਸਮੇਤ ਮਾਰਕੀਟ ਕਮੇਟੀ ਅਜਨਾਲਾ ਦੇ ਸੈਕਟਰੀ ਹਰਜੋਤ ਸਿੰਘ ਨਾਲ ਉਚੇਚੇ ਰੂਪ 'ਚ ਮੀਟਿੰਗ ਕੀਤੀ ਅਤੇ ਉਕਤ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਹੱਲ ਲਈ ਸਹਿਯੋਗ ਮੰਗਿਆ। ਇਸ ਸਮੇਂ ਹਰਪਾਲ ਸਿੰਘ, ਅਵਤਾਰ ਸਿੰਘ ਬਾਠ, ਮਾ. ਬਲਵਿੰਦਰ ਸਿੰਘ ਗਿੱਲ, ਰਜਨੀਸ਼ ਵਿੱਕੀ ਅਰੋੜਾ, ਡਾ. ਮਨਜੀਤ ਸਿੰਘ ਬਾਠ, ਗੁਰਬਿੰਦਰ ਸਿੰਘ ਗਿੱਲ ਆਦਿ ਆੜ੍ਹਤੀ ਆਗੂ ਹਾਜ਼ਰ ਸਨ।