ਬਾਸਮਤੀ ਦੀ ਫ਼ਸਲ ’ਤੇ ਹੋਇਆ ਰਾਈਸ ਹਿਸਪਾ ਦਾ ਭਿਆਨਕ ਹਮਲਾ, ਖੇਤੀ ਮਾਹਿਰਾਂ ਨੇ ਦੱਸੇ ਬਚਾਅ ਦੇ ਢੰਗ ਤਰੀਕੇ

08/04/2023 10:58:07 AM

ਗੁਰਦਾਸਪੁਰ (ਹਰਮਨ)- ਮੌਸਮ ’ਚ ਨਮੀ ਅਤੇ ਤਪਸ਼ ਵਧਣ ਕਾਰਨ ਗੁਰਦਾਸਪੁਰ ਸਮੇਤ ਹੋਰ ਇਲਾਕਿਆਂ ’ਚ ਬਾਸਮਤੀ ਅਤੇ ਝੋਨੇ ਦੀਆਂ ਕੁਝ ਕਿਸਮਾਂ ’ਤੇ ਰਾਈਸ ਹਿਸਪਾ ਨਾਂ ਦੇ ਕੀੜੇ ਦਾ ਭਿਆਨਕ ਹਮਲਾ ਹੋਇਆ ਹੈ, ਜਿਸ ਤਹਿਤ  ਖੇਤੀ ਮਾਹਰਾਂ ਦੀ ਟੀਮ ਨੇ ਬਲਾਕ ਗੁਰਦਾਸਪੁਰ ਦੇ ਪਿੰਡ ਗਾਦੜੀਆਂ, ਰਾਮ ਨਗਰ, ਭੂਣ ਅਤੇ ਭੰਗਵਾਂ ਆਦਿ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਇਸ ਕੀੜੇ ਤੋਂ ਫ਼ਸਲ ਨੂੰ ਬਚਾਉਣ ਦੇ ਤਰੀਕੇ ਦੱਸੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਕੀੜੇ ਦੀ ਰੋਕਥਾਮ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਅਤੇ ਜੇਕਰ ਇਸਦੀ ਸਹੀ ਰੋਕਥਾਮ ਨਾ ਕੀਤੀ ਗਈ ਤਾਂ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਲੱਗਣ ਵਾਲੇ ਮੁੱਖ ਕੀੜਿਆਂ ਦੀ ਪਛਾਣ ਅਤੇ ਸਰਵਪੱਖੀ ਰੋਕਥਾਮ ਝੋਨੇ ਦੀ ਫ਼ਸਲ ’ਤੇ ਤਕਰੀਬਨ ਦਰਜਨ ਤੋਂ ਵੱਧ ਕੀੜੇ ਹਮਲਾ ਕਰ ਕੇ ਔਸਤਨ 28 ਫੀਸਦੀ ਨੁਕਸਾਨ ਕਰ ਦਿੰਦੇ ਹਨ। ਇਨ੍ਹਾਂ ’ਚੋਂ ਮੁੱਖ ਤੌਰ ’ਤੇ ਤਣੇ ਦਾ ਗੜੂੰਆਂ, ਪੱਤਾ ਲਪੇਟ ਸੁੰਡੀ, ਕੰਡਿਆਲੀ ਕਾਲੀ ਭੂੰਡੀ, ਟਿੱਡੇ ਅਤੇ ਚੂਹੇ ਕੁਝ ਅਜਿਹੇ ਕੀੜੇ ਹਨ, ਜਿਨ੍ਹਾਂ ਦੀ ਸਮੇਂ ਸਿਰ ਰੋਕਥਾਮ ਕਰ ਕੇ ਹੋਣ ਵਾਲੇ ਨੁਕਸਾਨ ਨੂੰ ਘਟਾ ਕੇ ਪੈਦਾਵਾਰ ’ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਵਾਰ ਮੌਸਮ ਸੁਹਾਵਣਾ ਰਹਿਣ ਕਾਰਨ ਝੋਨੇ ਦੀ ਫਸਲ ’ਤੇ ਕਿਸੇ ਕੀੜੇ ਜਾਂ ਬੀਮਾਰੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।

ਝੋਨੇ ਦੀ ਫ਼ਸਲ ’ਚ ਇਸ ਵੇਲੇ ਬਹੁਤ ਵੱਡੀ ਗਿਣਤੀ ਵਿਚ ਮਿੱਤਰ ਕੀੜੇ ਮੌਜੂਦ ਹਨ, ਜੋ ਦੁਸ਼ਮਣ ਕੀੜਿਆਂ ਨੂੰ ਖਾ ਕੇ ਕਿਸਾਨਾਂ ਦੀ ਮਦਦ ਕਰਦੇ ਹਨ। ਆਮ ਕਰ ਕੇ ਕਿਸਾਨ ਕਿਸੇ ਦੇ ਕਹਿਣ ’ਤੇ ਜਾਂ ਦੇਖਾ-ਦੇਖੀ ਇਕ-ਦੋ ਦੁਸ਼ਮਣ ਕੀੜੇ ਦੇਖ ਕੇ ਹੀ ਕੀਟਨਾਸ਼ਕ ਦਾ ਛਿੜਕਾਅ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਵੱਡੀ ਗਿਣਤੀ ’ਚ ਖੇਤ ਵਿਚ ਮੌਜੂਦ ਮਿੱਤਰ ਕੀੜੇ ਜਿਵੇਂ ਡਰੈਗਨ ਫਲਾਈ, ਡੈਮਸਲਫਲਾਈ, ਮੱਕੜੀਆਂ ਆਦਿ ਮਰ ਜਾਂਦੀਆਂ ਹਨ ਅਤੇ ਕੁਝ ਸਮੇਂ ਬਾਅਦ ਦੁਸ਼ਮਣ ਕੀੜਿਆਂ ਦੀ ਗਿਣਤੀ ’ਚ ਵਾਧਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ- 20 ਸਾਲ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਬਜ਼ੁਰਗ

ਸਹੀ ਜਾਣਕਾਰੀ ਜ਼ਰੂਰੀ

ਝੋਨੇ ਦੇ ਕੀੜਿਆਂ ਦੀ ਪਛਾਣ ਕੀਤੇ ਜਾਣ ਵਾਲੇ ਨੁਕਸਾਨ ਅਤੇ ਸਹੀ ਰੋਕਥਾਮ ਬਾਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਮ ਤੌਰ ’ਤੇ ਦੇਖਿਆ ਗਿਆ ਕਿ ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਦੁਕਾਨਦਾਰਾਂ ’ਤੇ ਨਿਰਭਰ ਕਰਦੇ ਹਨ, ਜਿਸ ਨਾਲ ਕਈ ਵਾਰੀ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਦੁਕਾਨਦਾਰ ਆਮ ਕਰ ਕੇ ਕਿਸਾਨ ਵੀਰਾਂ ਨੂੰ ਸਿਫ਼ਾਰਸ਼ਾਂ ਦੇ ਉਲਟ ਘੱਟੋ-ਘੱਟ 2 ਜਾਂ 3 ਕੀਟਨਾਸ਼ਕ ਦਵਾਈਆਂ ਦੇ ਦਿੰਦੇ ਹਨ ਅਤੇ ਕਈ ਵਾਰ ਦਵਾਈ ਦੀਆਂ ਸਿਫ਼ਾਰਸ਼ਾਂ ਦੇ ਉਲਟ ਮਾਤਰਾ ਵੀ ਵਧਾ ਕੇ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਵਿਕਰੀ ਵੱਧ ਹੋਣ ਕਾਰਨ ਫਾਇਦਾ ਜ਼ਿਆਦਾ ਹੋ ਸਕੇ ਪਰ ਇਸ ਨਾਲ ਜਿਥੇ ਕਿਸਾਨ ਦਾ ਆਰਥਿਕ ਸੋਸ਼ਣ ਹੁੰਦਾ ਹੈ, ਉਥੇ ਫ਼ਸਲ ਉੱਪਰ ਕੀੜਿਆਂ ਦੀ ਰੋਕਥਾਮ ਵੀ ਨਹੀਂ ਹੁੰਦੀ, ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਦੋਂ ਕਦੇ ਕਿਸੇ ਵੀ ਫ਼ਸਲ 'ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

ਬਾਸਮਤੀ 370 ਜਾਂ 386 ਦੀ ਲਵਾਈ ਤੋਂ 45 ਦਿਨ ਬਾਅਦ ਉੱਪਰੋਂ ਪੱਤੇ ਕੱਟ ਦੇਣੇ ਚਾਹੀਦੇ ਹਨ, ਇਸ ਨਾਲ ਫਸਲ ਡਿੱਗੇਗੀ ਨਹੀਂ ਅਤੇ ਕੀੜੇ-ਮਕੌੜੇ ਤੋਂ ਵੀ ਬਚਾਅ ਰਹੇਗਾ। ਬਾਸਮਤੀ ਦੀ ਫ਼ਸਲ 'ਤੇ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਖ਼ੇਤੀ ਲਾਗਤ ਖ਼ਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਸੇਵਾਮੁਕਤ ਸਬ-ਇੰਸਪੈਕਟਰ ਦੇ ਘਰ ਵਿਛੇ ਸੱਥਰ, ਪਤਨੀ ਨੂੰ ਇਸ ਹਾਲ 'ਚ ਵੇਖ ਰਹਿ ਗਿਆ ਹੱਕਾ-ਬੱਕਾ

ਕਿਵੇਂ ਨੁਕਸਾਨ ਕਰਦਾ ਹੈ ਰਾਈਸ ਹਿਸਪਾ

ਝੋਨੇ ਦਾ ਹਿਸਪਾ ਜਾਂ ਕੰਡਿਆਲੀ ਭੂੰਡੀ ਬਾਸਮਤੀ ਦੀ ਫ਼ਸਲ ’ਤੇ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਦੇ ਬਾਲਗ ਕੀੜੇ ਦੇ ਸਰੀਰ ’ਤੇ ਕੰਡੇ ਹੋਣ ਕਾਰਨ ਇਸ ਨੂੰ ਕੰਡਿਆਲੀ ਭੂੰਡੀ ਕਹਿੰਦੇ ਹਨ। ਮਾਦਾ ਭੂੰਡੀ ਪੱਤਿਆਂ ਦੀਆਂ ਨੋਕਾਂ ਉਪਰ ਤਕਰੀਬਨ 90-100 ਅੰਡੇ ਦਿੰਦੀ ਹੈ। ਇਹ ਕੀੜਾ ਪਹਿਲਾਂ ਜੂਨ ਅਤੇ ਫਿਰ ਅਗਸਤ-ਸਤੰਬਰ ਵਿਚ ਹਮਲਾ ਕਰਦਾ ਹੈ। ਇਸ ਕੀੜੇ ਦੇ ਬੱਚੇ ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਹਰਾ ਮਾਦਾ ਖਾਂਦੇ ਹਨ, ਜਦਕਿ ਬਾਲਗ ਕੀੜੇ ਪੱਤੇ ਨੂੰ ਬਾਹਰੋਂ ਖੁਰਚ ਕੇ ਹਰਾ ਮਾਦਾ ਖਾ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਪੱਤਿਆਂ ਉੱਪਰ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਹਮਲੇ ਵਾਲੀ ਫ਼ਸਲ ਦੂਰੋਂ ਹੀ ਪਛਾਣੀ ਜਾਂਦੀ ਹੈ।

ਕਿਵੇਂ ਕੀਤੀ ਜਾ ਸਕਦੀ ਹੈ ਸਰਬਪੱਖੀ ਰੋਕਥਾਮ

ਜੇਕਰ ਇਸ ਕੀੜੇ ਦਾ ਹਮਲਾ ਬਾਸਮਤੀ ਜਾਂ ਝੋਨੇ ਦੀ ਪਨੀਰੀ ਉਪਰ ਹੋ ਜਾਵੇ ਤਾਂ ਪਨੀਰੀ ਖੇਤ ’ਚ ਲਾਉਣ ਤੋਂ ਪਹਿਲਾਂ ਪੱਤੇ ਕੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਜੇਕਰ ਇਸ ਕੀੜੇ ਦਾ ਹਮਲਾ ਫ਼ਸਲ ਉੱਪਰ ਹੋਵੇ ਤਾਂ 800 ਮਿਲੀਲੀਟਰ ਕੁਇਨਲਫਾਸ 25 ਈ ਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- UK 'ਚ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan