ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਗਰੂਕ

04/26/2018 3:32:04 PM

ਵਲਟੋਹਾ/ਅਮਰਕੋਟ (ਗੁਰਮੀਤ ਸਿੰਘ/ਸੰਦੀਪ/ਅਮਰਗੋਰ) : ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਤੇ ਬਲਾਕ ਖੇਤੀਬਾੜੀ ਅਫਸਰ ਵਲਟੋਹਾ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕੀਤੀ ਗਈ। ਇਸ ਮੌਕੇ 'ਤੇ ਏ. ਡੀ. ਓ. ਹਰਮੀਤ ਸਿੰਘ, ਮਨਜਿੰਦਰ ਸਿੰਘ ਏ. ਐੱਸ. ਆਈ. ਅਤੇ ਪਲਵਿੰਦਰ ਸਿੰਘ ਆਤਮਾ ਸਟਾਫ ਨੇ ਬੋਲਦਿਆਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਣਕ ਦੀ ਬੱਚਦੀ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ 'ਚ ਭਾਰੀ ਵਾਧਾ ਹੁੰਦਾ ਹੈ ਉਥੇ ਹੀ ਅੱਗ ਲੱਗਣ ਨਾਲ ਧਰਤੀ ਵਿਚਲੇ ਮਿੱਤਰ ਕੀੜੇ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਕਿਉਂਕਿ ਇਹ ਮਿੱਤਰ ਕੀੜੇ ਫਸਲ ਦੀ ਪ੍ਰਫੁੱਲਤਾ ਲਈ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਟਰੈਕਟਰ ਦੀ ਮਦਦ ਨਾਲ ਨਾੜ ਨੂੰ ਜ਼ਮੀਨ 'ਚ ਹੀ ਵਾਹ ਦੇਣ ਇਸ ਤਰੀਕੇ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਚ ਵਾਧਾ ਹੋਵੇਗਾ ਅਤੇ ਫਸਲ ਦਾ ਝਾੜ ਵੀ ਵੱਧ ਹੋਵੇਗਾ। ਇਸ ਮੌਕੇ 'ਤੇ ਹਰਦਿਆਲ ਸਿੰਘ ਸਰਪੰਚ ਪਿੰਡ ਦੂਹਲ ਕੋਹਨਾ, ਸਾਹਿਬ ਸਿੰਘ, ਪ੍ਰਗਟ ਸਿੰਘ ਤਲਵੰਡੀ, ਭੁਪਿੰਦਰ ਸਿੰਘ ਕਲੰਜਰ, ਕਰਤਾਰ ਸਿੰਘ ਕਲੰਜਰ, ਥਾਨਾ ਸਿੰਘ ਅਮਰਕੋਟ, ਰਮੇਸ਼ ਸਿੰਘ ਫੌਜੀ ਆਸਲ, ਹਰਜੀਤ ਸਿੰਘ ਆਸਲ, ਸੁਰਜਨ ਸਿੰਘ ਕਲੰਜਰ, ਪਾਲ ਸਿੰਘ ਕਲੰਜਰ, ਗੁਰਮੀਤ ਸਿੰਘ ਅਮਰਕੋਟ, ਮਨਜੀਤ ਸਿੰਘ ਚੀਮਾਂ, ਜਸਵੰਤ ਸਿੰਘ ਸਰਪੰਚ ਚੀਮਾਂ, ਰਾਜ ਸਿੰਘ ਅਮਰਕੋਟ, ਚਰਨਜੀਤ ਸਿੰਘ ਮਹਿਲ ਕਲੰਜਰ, ਹਰਦੇਵ ਸਿੰਘ ਮਹਿਲ ਆਦਿ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।