ਅੱਡਾ ਝਬਾਲ ਦੀ ਟ੍ਰੈਫਿਕ ... ਤੌਬਾ-ਤੌਬਾ! ਲੋਕ ਸ਼ਰੇਆਮ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

09/19/2018 2:25:51 AM

ਝਬਾਲ/ਬੀਡ਼ ਸਾਹਿਬ,   (ਲਾਲੂਘੁੰਮਣ, ਰਾਜਿੰਦਰ, ਬਖਤਾਵਰ)-  ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਇਸ ਕਦਰ ਵਧ ਗਈ ਹੈ ਕਿ ਬਾਜ਼ਾਰਾਂ ’ਚੋਂ  ਵਹੀਕਲਾਂ ’ਤੇ ਲੰਘਣਾ ਤਾਂ ਦੂਰ ਦੀ ਗੱਲ, ਪੈਦਲ ਜਾਣ ਸਮੇਂ ਵੀ ਕਈ ਪ੍ਰੇਸ਼ਾਨੀਆਂ ਦਾ ਰਾਹਗੀਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰ ਕੇ ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਤੌਬਾ-ਤੌਬਾ ਕਰ ਉੱਠਦੇ ਹਨ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਥਾਣਾ ਝਬਾਲ ਤੋਂ ਸਿਰਫ 20 ਗਜ਼ ਦੀ ਦੂਰੀ ’ਤੇ ਥਾਣਾ ਝਬਾਲ ਸਥਿਤ ਹੈ ਪਰ ਚੌਕ ’ਚ ਕੋਈ ਵੀ ਟ੍ਰੈਫਿਕ ਕਰਮਚਾਰੀ ਮੌਜੂਦ ਨਾ ਹੋਣ ਕਰ ਕੇ ਲੋਕ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਵੇਖੇ ਜਾ ਸਕਦੇ ਹਨ।  ਥਾਣਾ ਝਬਾਲ ਵਿਖੇ ਬੇਸ਼ੱਕ ਟ੍ਰੈਫਿਕ ਵਿੰਗ 2 ਦਿਹਾਤੀ ਦੇ ਇੰਚਾਰਜ ਦਾ ਦਫਤਰ ਮੌਜੂਦ ਹੈ ਅਤੇ ਝਬਾਲ ਚੌਕ ’ਚ ਟ੍ਰੈਫਿਕ ਮੁਲਾਜ਼ਮਾਂ ਦਾ ਪੱਕਾ ਨਾਕਾ ਹੋਣਾ ਵੀ ਜ਼ਿਲਾ ਪੁਲਸ ਵੱਲੋਂ ਲਾਜ਼ਮੀ ਕੀਤਾ ਗਿਆ ਹੈ ਪਰ ਹਾਲਾਤ ਇਹ ਹਨ ਕਿ ਟ੍ਰੈਫਿਕ ਇੰਚਾਰਜ ਅਤੇ ਕਰਮਚਾਰੀਆਂ ਦੀ ਸ਼ਕਲ ਲੋਕਾਂ ਨੂੰ ਕਦੇ ਕਦਾਈਂ ਹੀ ਵੇਖਣ ਨੂੰ ਮਿਲਦੀ ਹੈ, ਜਿਸ ਕਰ ਕੇ ਵਹੀਲਕਾਂ ’ਤੇ ਤਿੰਨ-ਚਾਰ ਸਵਾਰੀਆਂ ਬੈਠਾ ਕੇ ਲੋਕ ਇਸ ਚੌਕ ’ਚੋਂ ਸ਼ਰੇਆਮ ਲੰਘ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਵੇਖੇ ਜਾ ਸਕਦੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਕਿਸੇ ਵੀ. ਆਈ. ਪੀ. ਵਿਅਕਤੀ ਵੱਲੋਂ ਚੌਕ ’ਚੋਂ  ਲੰਘਣਾ ਹੁੰਦਾ ਹੈ ਤਾਂ ਟ੍ਰੈਫਿਕ ਪੁਲਸ ਦੇ ਅਧਿਕਾਰੀਅਾਂ ਅਤੇ ਕਰਮਚਾਰੀਆਂ ਦੀ ਫੌਜ ਰਸਤਾ ਖਾਲੀ ਕਰਵਾਉਣ ਲਈ ਤਾਇਨਾਤ ਹੋ ਜਾਂਦੀ ਹੈ ਪਰ ਲੋਕਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕਰਨ ਦਾ ਦਾਅਵਾ ਕਰਨ ਵਾਲੀ ਪੁਲਸ ਲੋਕਾਂ ਦੀ ਸਹਾਇਤਾ ਲਈ ਘੱਟ ਹੀ ਦਿਖਾਈ ਦਿੰਦੀ ਹੈ। ਅੱਡਾ ਝਬਾਲ ’ਚ ਚਹੁੰ ਮਾਰਗਾਂ ਅਟਾਰੀ, ਭਿੱਖੀਵਿੰਡ, ਤਰਨਤਾਰਨ ਅਤੇ ਅੰਮ੍ਰਿਤਸਰ ’ਤੇ ਆਮ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਵੱਲੋਂ ਸਡ਼ਕਾਂ ’ਤੇ ਬੇਤਰਤੀਬੇ ਵਾਹਨ ਖਡ਼੍ਹੇ ਕਰ ਕੇ ਟ੍ਰੈਫਿਕ ਸਮੱਸਿਆ ਖਡ਼੍ਹੀ ਕੀਤੀ ਜਾਂਦੀ ਹੈ। ਉਕਤ ਮਾਰਗਾਂ ’ਤੇ ਸਾਰਾ-ਸਾਰਾ ਦਿਨ ਭਾਰੀ ਜਾਮ ਲੱਗਾ ਆਮ ਵੇਖਿਆ ਜਾ ਸਕਦਾ ਹੈ। ਇਲਾਕੇ  ਦੇ  ਲੋਕਾਂ ਵੱਲੋਂ ਇਸ ਸਬੰਧੀ ਕਈ ਵਾਰ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਬੇਨਤੀ ਪੱਤਰ ਦੇਣ ਤੋਂ ਇਲਾਵਾ ਸਰਕਲ ਦੇ ਟ੍ਰੈਫਿਕ ਇੰਚਾਰਜ ਨੂੰ ਵੀ ਅੱਡਾ ਝਬਾਲ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ ਪਰ ਊਠ ਦੇ ਬੁੱਲ੍ਹ ਵਾਂਗ ਕਸਬਾ ਝਬਾਲ ਦੀ ਟ੍ਰੈਫਿਕ ਸਮੱਸਿਆ ਜਿਓਂ ਦੀ ਤਿਓਂ ਹੀ ਲਟਕੀ ਪਈ ਹੈ।
ਮੁਲਾਜ਼ਮਾਂ ਦੀ ਕਮੀ ਹੈ ਟ੍ਰੈਫਿਕ ਲਈ ਵੱਡੀ ਸਮੱਸਿਆ- ਇੰਚਾਰਜ ਦਲੀਪ ਕੁਮਾਰ : ਸਰਕਲ ਦੇ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਦਾ ਵੱਡੀ ਸਮੱਸਿਆ ਕਸਬੇ ਦੀ ਟ੍ਰੈਫਿਕ ਨੂੰ ਹੱਲ ਕਰਨ ਲਈ ਨਫਰੀ ਘੱਟ ਹੋਣ ਦੀ ਹੈ ਕਿਉਂਕਿ ਉਨ੍ਹਾਂ ਕੋਲ ਕੇਵਲ ਦੋ ਹੀ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਸੈੱਲ 2 ਤਾਂ ਬਣਾ ਦਿੱਤਾ ਗਿਆ ਹੈ ਪਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਲੋਡ਼ੀਂਦੇ ਮੁਲਾਜ਼ਮ ਨਹੀਂ ਦਿੱਤੇ ਗਏ ਹਨ। ਦਲੀਪ ਕੁਮਾਰ ਨੇ ਕਿਹਾ ਕਿ ਕਸਬਾ ਝਬਾਲ ਸਰਹੱਦੀ ਖੇਤਰ ਦਾ ਵਪਾਰਕ ਖੇਤਰ ਹੈ ਅਤੇ ਇਸ ਕਸਬੇ ’ਚੋਂ ਦੀ ਭਾਰੇ ਵਹੀਕਲ ਵੀ ਲੰਘਦੇ ਹਨ, ਜਿਨ੍ਹਾਂ ਦੀ ਆਵਾਜਾਈ ਨਿਯਮਤ ਰੱਖਣ ਲਈ ਚੌਕ ’ਚ ਘੱਟੋ-ਘੱਟ ਚਾਰ ਮੁਲਾਜ਼ਮ ਟ੍ਰੈਫਿਕ ਦੇ ਤਾਇਨਾਤ ਹੋਣੇ ਜ਼ਰੂਰੀ ਹਨ ਅਤੇ ਸੈੱਲ ਨੂੰ 10 ਮੁਲਾਜ਼ਮ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਟ੍ਰੈਫਿਕ ਸੈੱਲ ਦੇ ਸਰਕਲ ਇੰਚਾਰਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਝਬਾਲ ’ਚ ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਤਾਂ ਜੋ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਸਕੇ।