ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

08/22/2022 3:53:48 PM

ਬਟਾਲਾ (ਸਾਹਿਲ)- ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸ਼ੰਭੂ ਪ੍ਰਸ਼ਾਦ ਪੁੱਤਰ ਪਰਾਸ਼ਰ ਦੱਤ ਵਾਸੀ ਸ਼੍ਰੀ ਸ਼ਿਵ ਦੁਰਗਾ ਮੰਦਰ, ਪ੍ਰੇਮ ਨਗਰ ਬਟਾਲਾ ਨੇ ਲਿਖਵਾਇਆ ਹੈ ਕਿ ਸਾਨੂੰ ਧਾਰੀਵਾਲ ਵਿਖੇ ਬੀਤੇ ਦਿਨ ਕੋਈ ਕੰਮ ਸੀ। ਮੇਰਾ ਮੁੰਡਾ ਜਤਿਨ ਸ਼ਰਮਾ ਅਤੇ ਦਵੇਸ਼ ਬਮੋਲਾ ਪੁੱਤਰ ਹਰੀਸ਼ ਬਮੋਲਾ ਵਾਸੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਜੀ.ਟੀ. ਰੋਡ ਅੰਮ੍ਰਿਤਸਰ ਬਟਾਲਾ, ਮੋਟਰਸਾਈਕਲ ਨੰ.ਐੱਚ.ਆਰ.51ਏ.ਐਕਸ.4149 ’ਤੇ ਵੱਖਰੇ ਸਵਾਰ ਹੋ ਕੇ ਧਾਰੀਵਾਲ ਲਈ ਚੱਲ ਪਏ।

ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਜਦੋਂ ਅਸੀਂ ਨੇੜੇ ਪਿੰਡ ਬਹਾਦਰਪੁਰ ਵਿਖੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਕਾਰ ਆਈ। ਕਾਰ ਚਾਲਕ ਨੇ ਸਾਨੂੰ ਕਰਾਸ ਕਰਕੇ ਅੱਗੇ ਜਾ ਰਹੇ ਮੇਰੇ ਮੁੰਡੇ ਜਤਿਨ ਅਤੇ ਦਵੇਸ਼ ਵਾਲੇ ਮੋਟਰਸਾਈਕਲ ਨੂੰ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਲੈ ਕੇ ਫ਼ਰਾਰ ਹੋ ਗਿਆ। ਸਿੱਟੇ ਵਜੋਂ ਮੇਰਾ ਮੁੰਡਾ ਅਤੇ ਦਵੇਸ਼ ਦੋਵੇਂ ਸੜਕ ਕਿਨਾਰੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅਸੀਂ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਕੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਸਿਵਲ ਹਸਪਤਾਲ ਬਟਾਲਾ ਦੇ ਗੇਟ ’ਤੇ ਪੁੱਜੇ ਤਾਂ ਮੇਰਾ ਮੁੰਡਾ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਰ ਦਿੱਤਾ। ਦਵੇਸ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਐੱਸ.ਆਈ ਅੰਮਿ੍ਰਤਪਾਲ ਕੌਰ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
 


rajwinder kaur

Content Editor

Related News