‘ਆਪ’ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਮੋਟਰਸਾਈਕਲ ਰੈਲੀ

01/25/2021 9:23:43 AM

ਅੰਮ੍ਰਿਤਸਰ(ਮਮਤਾ)-ਆਮ ਆਦਮੀ ਪਾਰਟੀ (ਆਪ) ਵੱਲੋਂ ਕਿਸਾਨਾਂ ਦੇ 26 ਜਨਵਰੀ ਦੀ ਟਰੈਕਟਰ ਪਰੇਡ ਦੇ ਸਮਰਥਨ ’ਚ ਅੱਜ ਅੰਮ੍ਰਿਤਸਰ ਵਿਖੇ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਕਿ ਪਾਰਟੀ ਦਫ਼ਤਰ ਭੰਡਾਰੀ ਪੁਲ ਤੋਂ ਸ਼ੁਰੂ ਹੋਈ। ਉਸ ਦੀ ਅਗਵਾਈ ਪੰਜਾਬ ਜੁਆਇੰਟ ਸਕੱਤਰ ਅਸ਼ੋਕ ਤਲਵਾੜ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਅਤੇ ਇਕਬਾਲ ਸਿੰਘ ਭੁੱਲਰ ਜ਼ਿਲ੍ਹਾ ਸੈਕਟਰੀ ਨੇ ਕੀਤੀ।

ਪੰਜਾਬ ਜੁਆਇੰਟ ਸੈਕਟਰੀ ਅਸ਼ੋਕ ਤਲਵਾੜ ਨੇ ਕਿਹਾ ਕਿ ‘ਆਪ’ ਪੂਰੀ ਤਰ੍ਹਾਂ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਸਮਰਥਨ ਕਰਦੀ ਹੈ। ਸਾਡੇ ਵਲੰਟੀਅਰ ਪਾਰਟੀ ਦੇ ਝੰਡੇ ਤੋਂ ਬਿਨਾਂ ਖੁਦ ਦਿੱਲੀ ਵਿਖੇ ਟਰੈਕਟਰ ਪਰੇਡ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਜ਼ਿਲਾ ਪੱਧਰ ਤੋਂ ਸਾਡੇ ਬਹੁਤ ਤਦਾਦ ’ਚ ਕਿਸਾਨ ਵੀਰ ਵਲੰਟੀਅਰ ਦਿੱਲੀ ਪਹੁੰਚ ਵੀ ਚੁੱਕੇ ਹਨ।

ਪਰਮਿੰਦਰ ਸਿੰਘ ਸੇਠੀ ਅਤੇ ਸੀਮਾ ਸੋਢੀ ਨੇ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਅੱਜ ਕਿਸਾਨਾਂ ਦੇ ਹੱਕ ਲਈ ‘ਆਪ’ ਦੀ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿਚ 1000 ਤੋਂ ਵੱਧ ਸਾਥੀਆਂ ਨੇ ਸ਼ਮੂਲੀਅਤ ਕੀਤੀ। ਮੋਦੀ ਸਰਕਾਰ ਨੇ ਕਿਸਾਨਾਂ ਨਾਲ 11 ਮੀਟਿੰਗਾਂ ਕੀਤੀਆਂ, ਜੋ ਕਿ ਬੇ-ਨਤੀਜਾ ਰਹੀਆਂ ਅਤੇ ਮੋਦੀ ਸਰਕਾਰ ਪੂਰੇ ਹੰਕਾਰ ’ਚ ਹੈ, ਜਿਸ ਦਾ ਖਾਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ। ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਮਿਲੀ ਹੋਈ ਹੈ।

ਇਸ ਮੌਕੇ ਜ਼ਿਲ੍ਹਾ ਦਫ਼ਤਰ ਇੰਚਾਰਜ ਸੋਹਣ ਸਿੰਘ ਨਾਗੀ, ਜਗਦੀਪ ਸਿੰਘ ਜ਼ਿਲਾ ਈਵੈਂਟ ਇੰਚਾਰਜ, ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ, ਜ਼ਿਲ੍ਹਾ ਖਜ਼ਾਨਚੀ ਵਿਪਨ ਸਿੰਘ ਅਤੇ ਅਨਿਲ ਮਹਾਜਨ ਆਦਿ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤ। ਇਕਬਾਲ ਸਿੰਘ ਭੁੱਲਰ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਲੋਕ 26 ਜਨਵਰੀ ਦੀ ਦਿੱਲੀ ਪਰੇਡ ਦਾ ਹਿੱਸਾ ਬਣਨ।

Aarti dhillon

This news is Content Editor Aarti dhillon