ਸਡ਼ਕ ’ਤੇ ਪੁਲੀ ਦੇ ਨਿਰਮਾਣ ਲਈ ਪੁੱਟੇ ਟੋਏ ’ਚ ਡਿੱਗਾ ਮੋਟਰਸਾਈਕਲ ਸਵਾਰ, ਮੌਤ

06/19/2019 3:28:23 AM

ਕਲਾਨੌਰ, (ਮਨਮੋਹਨ)- ਕਲਾਨੌਰ ਤੋਂ ਕਰੀਬ 2 ਕਿ. ਮੀ. ਦੂਰੀ ’ਤੇ ਕਲਾਨੌਰ-ਡੇਰਾ ਬਾਬਾ ਨਾਨਕ ਮਾਰਗ ’ਤੇ ਨਵ-ਨਿਰਮਾਣ ਕੀਤੀ ਜਾ ਰਹੀ ਸਡ਼ਕ ਉੱਪਰ ਪੁਲੀ ਬਣਾਉਣ ਲਈ ਪੁੱਟੇ ਟੋਏ ’ਚ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਵਾਸੀਆਂ ਚੱਕਾ ਜਾਮ ਕਰ ਕੇ ਸਬੰਧਤ ਕੰਪਨੀ ਦੇ ਠੇਕੇਦਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਘਟਨਾ ਸਬੰਧੀ ਮ੍ਰਿਤਕ ਸੰਦੀਪ ਸਿੰਘ ਗੋਪੀ (27) ਦੇ ਪਿਤਾ ਤਰਸੇਮ ਸਿੰਘ ਅਤੇ ਚਾਚਾ ਦਲਜੀਤ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਸਰਜ਼ੇਚੱਕ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਰੋਜ਼ਾਨਾ ਸਮੇਂ ਸਿਰ ਆਪਣੇ ਘਰ ਵਾਪਸ ਆ ਜਾਂਦਾ ਸੀ ਪ੍ਰੰਤੂ ਬੀਤੀ ਰਾਤ ਜਦੋਂ ਕਰੀਬ 9 ਵਜੇ ਤੱਕ ਸੰਦੀਪ ਘਰ ਨਾ ਪਹੁੰਚਿਆ ਤਾਂ ਕਰੀਬ 10 ਵਜੇ ਸਾਡੇ ਪਰਿਵਾਰਕ ਮੈਂਬਰ ਉਸ ਨੂੰ ਲੱਭਣ ਲਈ ਪਿੰਡ ਸਰਜ਼ੇਚੱਕ ਗਏ ਤਾਂ ਪਤਾ ਲੱਗਾ ਕਿ ਉਹ ਤਾਂ ਰਾਤ ਕਰੀਬ 8 ਵਜੇ ਹੀ ਦੁਕਾਨ ਬੰਦ ਕਰ ਕੇ ਚਲਾ ਗਿਆ ਸੀ ਅਤੇ ਜਦੋਂ ਅਸੀਂ ਰਾਤ ਕਰੀਬ 11 ਵਜੇ ਪਿੰਡ ਸਰਜ਼ੇਚੱਕ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ’ਚ ਸਡ਼ਕ ’ਤੇ ਬਣ ਰਹੀ ਪੁਲੀ ਲਈ ਪੁੱਟੇ ਗਏ ਵਿਸ਼ਾਲ ਟੋਏ ਅੰਦਰ ਲਾਈਟ ਮਾਰ ਕੇ ਦੇਖਿਆ ਤਾਂ ਸੰਦੀਪ ਮੋਟਰਸਾਈਕਲ ਸਮੇਤ ਕਰੀਬ 15 ਫੁੱਟ ਕਰੀਬ ਡੂੰਘੇ ਟੋਏ ’ਚ ਡਿੱਗਾ ਪਿਆ ਸੀ ਅਤੇ ਗੰਭੀਰ ਜ਼ਖਮੀ ਹੋਣ ਕਰ ਕੇ ਮੌਤ ਹੋ ਚੁੱਕੀ ਸੀ, ਜਿਸਨੂੰ ਤੁਰੰਤ ਚੁੱਕ ਕੇ ਇਕ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਅਤੇ ਅੱਜ ਸਵੇਰੇ ਮ੍ਰਿਤਕ ਦਾ ਸਸਕਾਰ ਵੀ ਕਰ ਦਿੱਤਾ ਗਿਆ।

ਸੁਰੱਖਿਆ ਪ੍ਰਬੰਧ ਨਾ ਕਰਨ ’ਤੇ ਸੰਘਰਸ਼ ਦੀ ਦਿੱਤੀ ਚਿੰਤਵਾਨੀ

ਇਸ ਸਬੰਧੀ ਠੇਕੇਦਾਰ ’ਤੇ ਅਣਗਹਿਲੀਆਂ ਦਾ ਦੋਸ਼ ਲਾਉਂਦੇ ਹੋਏ ਪਿੰਡ ਸਰਜ਼ੇਚੱਕ ਦੇ ਸਰਪੰਚ ਦਲਜੀਤ ਸਿੰਘ ਅਤੇ ਇਲਾਕਾ ਵਾਸੀਆਂ ਇਕੱਠ ਕਰਕੇ ਡਿਫੈਂਸ ਮਾਰਗ ’ਤੇ ਕਰੀਬ ਇਕ ਘੰਟਾ ਚੱਕਾ ਜਾਮ ਕਰ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਰਮਦਾਸ ਤੋਂ ਗੁਰਦਾਸਪੁਰ ਤੱਕ ਡਿਫੈਂਸ ਮਾਰਗ ਦਾ ਨਿਰਮਾਣ ਜਿਸ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਠੇਕੇਦਾਰ ਵੱਲੋਂ ਜਿੱਥੇ ਨਿਰਮਾਣ ਕੰਮ ਬਹੁਤ ਢਿੱਲੀ ਗਤੀ ਨਾਲ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਜਿੱਥੇ ਪੁਲੀਆਂ ਦੇ ਨਿਰਮਾਣ ਲਈ ਟੋਏ ਪੁੱਟੇ ਹਨ ਤੋਂ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਕੋਈ ਵੀ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਹਨ, ਜਿਸ ਕਾਰਨ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਸਬੰਧਤ ਕੰਪਨੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟੇ ਅੰਦਰ ਪੁਲੀਆਂ ਦੇ ਨਿਰਮਾਣ ਲਈ ਪੁੱਟੇ ਟੋਇਆਂ ਦੇ ਆਲੇ-ਦੁਆਲੇ ਸੇਫਟੀ ਪ੍ਰਬੰਧ ਨਾ ਕੀਤੇ ਗਏ ਤਾਂ ਉਸਦੇ ਖਿਲਾਫ ਜੰਗੀ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।

Bharat Thapa

This news is Content Editor Bharat Thapa