ਅੰਮ੍ਰਿਤਸਰ ਖ਼ਾਲਸਾ ਕਾਲਜ ਗੋਲ਼ੀ ਕਾਂਡ ਮਾਮਲੇ ’ਚ ਦੋ ਮੁੰਡਿਆਂ ਸਣੇ ਇਕ ਕੁੜੀ ਗ੍ਰਿਫ਼ਤਾਰ

06/05/2022 9:44:21 AM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਖਾਲਸਾ ਕਾਲਜ ਦੇ ਬਾਹਰ ਗੋਲ਼ੀ ਚੱਲਣ ਦੇ ਮਾਮਲੇ ਵਿਚ ਇਕ ਕੁੜੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਦੋ ਦਿਨ ਪਹਿਲਾਂ ਖਾਲਸਾ ਦੇ ਕਾਲਜ ਦੇ ਬਾਹਰ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ ਸੀ, ਇਸ ਵਿਚ ਲਵਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਅੱਜ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਨੌਜਵਾਨਾਂ ਨੂੰ ਅਤੇ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਾਭਾ ਜੇਲ ਵਾਂਗ ਗੈਂਗਸਟਰਾਂ ਵਲੋਂ ਬਠਿੰਡਾ ਜੇਲ ਬ੍ਰੇਕ ਕਰਨ ਦੀ ਸਾਜ਼ਿਸ਼, ਹਾਈ ਅਲਰਟ ਜਾਰੀ

ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਸਿਮਰਨ ਸਿੰਘ ਨੂੰ ਗੋਲ਼ੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੌਰਾਨ ਲਵਪ੍ਰੀਤ ਦੀ ਮੌਤ ਹੋ ਗਈ। ਮੁੱਖ ਅਫਸਰ ਥਾਣਾ ਕੰਨਟੋਨਮੈਂਟ ਵਲੋਂ ਮਾਮਲੇ ਵਿਚ ਨਾਮਜ਼ਦ ਦੋਸ਼ੀ ਮਨਿੰਦਰ ਸਿੰਘ ਉਰਫ ਮਨੀ, ਜਸ਼ਨ ਕੁਮਾਰ ਅਤੇ ਇਕ ਕੁੜੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਸ਼ੀਆ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆ ਬਾਰੇ ਪਤਾ ਕਰਕੇ ਜਲਦੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹੋਈ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਸੀ ਕਿ ਇਸ ਘਟਨਾ ਨੂੰ ਕਿਸੇ ਗੈਂਗਸਟਰ ਨਾਲ ਜਾਂ ਘੱਲੂਘਾਰੇ ਨਾਲ ਨਾ ਜੋੜਿਆ ਜਾਵੇ, ਇਹ ਆਪਸੀ ਰੰਜਿਸ਼ ਤਹਿਤ ਗੋਲੀ ਚੱਲਣ ਦਾ ਮਾਮਲਾ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੁਣ ਮੁਲਜ਼ਮ ਗ੍ਰਿਫ਼ਤਾਰ ਹੋਣ ਤੋਂ ਬਾਅਦ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ ਹਥਿਆਰ ਕਿੱਥੋਂ ਆਇਆ ਉਹ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News