ਕਾਰੋਬਾਰੀ ਵਿਅਕਤੀ ’ਤੇ ਜਾਨਲੇਵਾ ਹਮਲਾ, ਗੈਂਗਸਟਰਾਂ ਵੱਲੋਂ ਵੀ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

05/07/2023 11:33:10 AM

ਅੰਮ੍ਰਿਤਸਰ (ਜਸ਼ਨ)- ਕਾਰੋਬਾਰੀ ਗੁਰਦੇਵ ਸਿੰਘ ਵਾਸੀ ਦਸਮੇਸ਼ ਐਵੇਨਿਊ, ਜੰਡਿਆਲਾ ਰੋਡ ਮੱਲੀਆਂ ਤਰਨਤਾਰਨ ’ਤੇ ਅੱਜ ਸ਼ਾਮ 6 ਵਜੇ ਦੇ ਕਰੀਬ 2 ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੀੜਤ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਆਪਣੀ ਗੱਡੀ ਦੇ ਕੁਝ ਸਪੇਅਰ ਪਾਰਟਸ ਲੈਣ ਲਈ ਜਹਾਜ਼ਗੜ੍ਹ ਅੰਮ੍ਰਿਤਸਰ ਆਇਆ ਸੀ। ਇਸ ਦੌਰਾਨ ਉਹ ਜਹਾਜ਼ਗੜ੍ਹ ਸਥਿਤ ਦੁਕਾਨ ਨੰਬਰ 25 ’ਤੇ ਗਿਆ ਅਤੇ ਸਾਮਾਨ ਖਰੀਦਣ ਲੱਗਾ ਤਾਂ ਉਥੇ ਪਹਿਲਾਂ ਤੋਂ ਹੀ 2 ਵਿਅਕਤੀ ਕੁਝ ਸਾਮਾਨ ਲੈ ਕੇ ਖੜ੍ਹੇ ਸਨ। ਉਸ ਨੇ ਦਾਅਵਾ ਕੀਤਾ ਕਿ ਦੋਵੇਂ ਵਿਅਕਤੀ ਨਸ਼ੇ ਦੀ ਹਾਲਤ ’ਚ ਸਨ ਅਤੇ ਬਿਨਾਂ ਕਿਸੇ ਕਾਰਨ ਉਸ ਨਾਲ ਦੁਰਵਿਵਹਾਰ ਕਰਨ ਲੱਗੇ। ਇਸ ’ਤੇ ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਖੁਦ ਨੂੰ ਮੁਲਾਜ਼ਮ ਦੱਸ ਕੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।

 

ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ

ਉਸ ਨੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਸੱਟ ਮਾਰੀ, ਜਿਸ ਕਾਰਨ ਉਸ ਦੇ ਸਾਰੇ ਕੱਪੜੇ ਖੂਨ ਨਾਲ ਲੱਥਪੱਥ ਹੋ ਗਏ। ਉਸ ਨੇ ਅੱਗੇ ਦੱਸਿਆ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਉਸ ਨੇ ਥਾਣਾ ਸਿਟੀ ਤਰਨਤਾਰਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸ ਨੇ ਕਰਵਾਇਆ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਲੱਗਾ। ਉਨ੍ਹਾਂ ਪੁਲਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫ਼ਤਾਰ ਕਾਰ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan