ਐਂਬੂਲੈਂਸ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਮਜ਼ਦੂਰ ਦੀ ਮੌਤ

02/01/2021 12:28:23 AM

ਬਟਾਲਾ, (ਸਾਹਿਲ/ਯੋਗੀ)- ਬਟਾਲਾ ਤੋਂ ਅੰਮ੍ਰਿਤਸਰ ਰੋਡ ’ਤੇ ਪਿੰਡ ਸੇਖੂਪੁਰ ਦੇ ਨਜ਼ਦੀਕ ਤੇਜ਼ ਰਫ਼ਤਾਰ ਐਂਬੂਲੈਂਸ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਚੌਕੀ ਸਰੂਪਵਾਲੀ ਦੇ ਏ. ਐੱਸ. ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਸੈਮੂਅਲ ਮਸੀਹ ਪੁੱਤਰ ਸੁੰਦਰ ਮਸੀਹ ਵਾਸੀ ਕੱਥੂਨੰਗਲ, ਜੋ ਹਲਵਾਈ ਦਾ ਕੰਮ ਕਰਦਾ ਹੈ ਅਤੇ ਅੱਜ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਕਿਸੇ ਕੰਮ ਲਈ ਬਟਾਲਾ ਆ ਰਿਹਾ ਸੀ, ਜਦੋਂ ਉਹ ਪਿੰਡ ਸੇਖੂਪੁਰ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਐਂਬੂਲੈਂਸ ਗੱਡੀ ਨੰਬਰ ਪੀ. ਬੀ. 06 ਐੱਲ. 8373 ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਐਂਬੂਲੈਂਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਏ. ਐੱਸ. ਆਈ. ਨੇ ਦੱਸਿਆ ਕਿ ਐਂਬੂਲੈਂਸ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਚਾਲਕ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।
 

Bharat Thapa

This news is Content Editor Bharat Thapa