ਸਰਹੱਦ ਨੇੜੇ ਕਸਬਾ ਖਾਲੜਾ ''ਚ 9 ਏਕੜ ਕਣਕ ਦੀ ਫ਼ਸਲ ਸੜਕੇ ਹੋਈ ਸੁਆਹ

04/16/2023 3:26:54 PM

ਖਾਲੜਾ (ਭਾਟੀਆ)- ਭਾਰਤ/ਪਾਕਿ ਸਰਹੱਦ ਨਜ਼ਦੀਕ ਕਸਬਾ ਖਾਲੜਾ ਦੇ ਇਲਾਕੇ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਕਿਸਾਨਾਂ ਦੀ 9 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜਕੇ ਸੁਆਹ ਹੋ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ। ਮੌਕੇ ’ਤੇ ਹਾਜ਼ਰ ਕਿਸਾਨਾਂ ਅਨੁਸਾਰ ਬਾਅਦ ਦੁਪਹਿਰ ਜਦੋਂ ਕਿਸਾਨ ਦੇ ਖੇਤਾਂ ਅੰਦਰ ਕੰਮ ਕਰ ਰਹੇ ਸਨ ਤਾਂ ਬਿਜਲੀ ਦੀਆਂ ਤਾਰਾਂ ਵਿਚੋਂ ਨਿਕਲੀ ਚੰਗਿਆੜੀ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜਿਸ ਕਾਰਨ ਵੇਖਦਿਆਂ ਹੀ ਵੇਖਦਿਆਂ ਆਸਮਾਨ ਛੂੰਹਦੀਆਂ ਅੱਗ ਦੀਆਂ ਲਪਟਾਂ ਨੇ ਕਿਸਾਨਾਂ ਦੀ 9 ਏਕੜ ਕਣਕ ਦੀ ਫ਼ਸਲ ਸਾੜ ਕੇ ਸੁਆਹ ਕਰ ਦਿੱਤੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ

ਅੱਗ ਲੱਗੀ ਵੇਖ ਕੇ ਸਰਹੱਦ ’ਤੇ ਤੈਨਾਤ ਬੀ.ਐੱਸ.ਐੱਫ ਦੇ ਜਵਾਨ ਕਿਸਾਨਾਂ ਦੀ ਮਦਦ ਕਰਨ ਲਈ ਅੱਗ ਬਝਾਉਣ ਆ ਗਏ, ਜਿਨ੍ਹਾਂ ਵਿਚ ਪਾਣੀ ਸਪਲਾਈ ਕਰਨ ਵਾਲੇ ਟੈਂਕਰ ਦੇ ਡਰਾਇਵਰ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਬੜੀ ਬਹਾਦਰੀ ਦਿਖਾਉਂਦਿਆਂ ਅੱਗ ’ਤੇ ਕਾਬੂ ਪਾਉਣ ਲਈ ਸਿਰਤੋੜ ਯਤਨ ਕੀਤੇ ਗਏ। ਕਿਸਾਨਾਂ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਕੀਤੇ ਉਪਰਾਲੇ ਨਾਲ ਅੱਗ ਤਾਂ ਬੁੱਝ ਗਈ ਪਰ ਕਿਸਾਨ ਗੁਰਜੰਟ ਸਿੰਘ ਪੁੱਤਰ ਘਸੀਟਾ ਸਿੰਘ ਖਾਲੜਾ ਦੀ 3 ਏਕੜ, ਜੈਮਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਡੱਲ ਦੀ 6 ਏਕੜ ਫ਼ਸਲ ਸੜ ਗਈ। ਇਸ ਅੱਗ ਦੀ ਲਪੇਟ ਆਉਣ ਕਾਰਨ ਕਿਸਾਨ ਜੈਮਲ ਸਿੰਘ ਦੀਆਂ ਪੈਰ ਦੀਆਂ ਉਂਗਲਾਂ ਵੀ ਝੁਲਸ ਗਈਆਂ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ​​ਵੇਵ’ ਰੈੱਡ ਅਲਰਟ ਜਾਰੀ

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਇਹ ਅੱਗ ਖੇਤਾਂ ਵਿਚੋਂ ਗੁਜਰਦੀ 11 ਹਜ਼ਾਰ ਕੇ.ਵੀ ਲਾਇਨ ਤੋਂ ਸਪਾਰਕ ਹੋ ਕੇ ਲੱਗੀ ਹੈ। ਇਸ ਮੌਕੇ ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਕਿਸਾਨ ਜੈਮਲ ਸਿੰਘ ਨੇ ਜ਼ਮੀਨ ਠੇਕੇ ’ਤੇ ਲੈਕੇ ਕਣਕ ਬੀਜੀ ਸੀ, ਜਿਸਦੀ 6 ਏਕੜ ਫਸਲ ਸੜ ਗਈ ਹੈ। ਪੀੜਤ ਕਿਸਾਨਾਂ ਅਤੇ ‘ਆਪ’ ਆਗੂਆਂ ਨਿੰਦ ਖੰਨਾ ਖਾਲੜਾ, ਸੋਨੀ ਖਾਲੜਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਪਾਸੋਂ ਮੰਗ ਕੀਤੀ ਹੈ ਕਿ ਅੱਗ ਨਾਲ ਸੜਕੇ ਤਬਾਹ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਸਾਂਝੀ ਕੀਤੀ ਅਗਵਾ ਹੋਏ 9 ਸਾਲਾ ਮੁੰਡੇ ਦੀ ਤਸਵੀਰ, ਫੋਨ ਨੰਬਰ 'ਤੇ ਮੰਗੀ ਜਾਣਕਾਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 

Shivani Bassan

This news is Content Editor Shivani Bassan