ਪ੍ਰਸ਼ਾਸਨ ਨੂੰ 48 ਘੰਟੇ ਦਾ ਅਲਟੀਮੇਟਮ

06/27/2017 1:37:40 AM

ਅੰਮ੍ਰਿਤਸਰ,  (ਦਲਜੀਤ)- ਤਰਨਤਾਰਨ ਦੇ ਪਿੰਡ ਸੰਗਾ ਵਿਚ ਪ੍ਰਭੂ ਯਿਸੂ ਮਸੀਹ ਅਤੇ ਮਾਤਾ ਮਰੀਅਮ ਖਿਲਾਫ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦਾ ਈਸਾਈ ਭਾਈਚਾਰੇ ਵਿਚ ਭਾਰੀ ਰੋਸ ਹੈ। ਐਤਵਾਰ ਨੂੰ ਅੰਮ੍ਰਿਤਸਰ ਦੇ ਗੁਮਟਾਲਾ ਖੇਤਰ ਵਿਚ ਈਸਾਈ ਭਾਈਚਾਰੇ ਦੀ ਹੋਈ ਬੈਠਕ ਵਿਚ ਇਸ ਘਟਨਾ ਦੇ ਕਸੂਰਵਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। 
ਇਸ ਮੌਕੇ ਈਸਾਈ ਭਾਈਚਾਰੇ ਦੇ ਨੇਤਾ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਇਸ ਤੋਂ ਪਹਿਲਾਂ ਵੀ ਧਰਮ ਪ੍ਰਚਾਰ ਅਤੇ ਧਰਮ ਤਬਦੀਲੀ ਦੇ ਨਾਂ 'ਤੇ ਈਸਾਈ ਭਾਈਚਾਰੇ ਉੱਤੇ ਹਮਲੇ ਹੁੰਦੇ ਰਹੇ ਹਨ। ਹੁਣ ਤਾਂ ਪ੍ਰਭੂ ਯਿਸੂ ਅਤੇ ਮਾਤਾ ਮਰੀਅਮ ਦੇ ਖਿਲਾਫ ਇਤਰਾਜ਼ਯੋਗ ਵੀਡੀਓ ਵਾਇਰਲ ਕੀਤਾ ਗਿਆ ਹੈ। ਈਸਾਈ ਭਾਈਚਾਰਾ ਸਾਰੇ ਧਰਮਾਂ ਦਾ ਆਦਰ ਕਰਦਾ ਹੈ। 
ਪੰਜਾਬ ਸਰਕਾਰ ਤੋਂ ਮੰਗ ਹੈ ਕਿ ਤਰਨਤਾਰਨ ਦੀ ਘਟਨਾ ਦੇ ਮੁਲਜ਼ਮਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਦੀ ਹਿਮਾਕਤ ਕੋਈ ਸ਼ਖਸ ਨਾ ਕਰ ਸਕੇ। ਜੇਕਰ 48 ਘੰਟਿਆਂ ਦੇ ਅੰਦਰ ਅਜਿਹਾ ਨਾ ਹੋਇਆ ਤਾਂ ਈਸਾਈ ਭਾਈਚਾਰਾ ਪੂਰੇ ਪੰਜਾਬ ਵਿਚ ਅੰਦੋਲਨ ਕਰੇਗਾ। 
ਇਸ ਮੌਕੇ ਲੁਕਸ ਮਸੀਹ, ਡੇਨਿਅਲ ਭੱਟੀ,  ਦਰਸ਼ਨ ਮਾਹਲ, ਪੀਟਰ ਚੀਦਾ, ਵਿਜੇ ਗੋਰਾ, ਰਾਜੂ ਮਾਹਲ,  ਲਵ ਮਸੀਹ,  ਯਾਕੂਬ ਭੱਟੀ ਆਦਿ ਮੌਜੂਦ ਸਨ ।