ਜ਼ਿਲੇ ਦੀਆਂ 11650 ਅੌਰਤਾਂ ਨੂੰ ਦਿੱਤੀ 4.44 ਕਰੋਡ਼ ਦੀ ਸਹਾਇਤਾ : ਡੀ. ਸੀ.

01/12/2019 5:25:59 AM

 ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਜ਼ਿਲਾ ਗੁਰਦਾਸਪੁਰ ਅੰਦਰ ਪਹਿਲੀ ਵਾਰ ਮਾਂ ਬਣਨ ਵਾਲੀਆਂ 11650 ਲਾਭਪਾਤਰੀ ਮਾਵਾਂ ਨੂੰ 4 ਕਰੋਡ਼ 44 ਲੱਖ 12 ਹਜ਼ਾਰ ਦੀ ਰਾਸ਼ੀ  ਦਿੱਤੀ ਗਈ ਹੈ। 
ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਪਹਿਲੀ ਵਾਰ ਮਾਂ ਬਣਨ ਵਾਲੀਆਂ ਅੌਰਤਾਂ ਨੂੰ ਇਸ ਸਕੀਮ ਅਧੀਨ 5-5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਅੌਰਤਾਂ ਨੂੰ ਆਪਣੇ ਨੇਡ਼ੇ ਦੇ ਆਂਗਣਵਾਡ਼ੀ ਕੇਂਦਰ ਵਿਖੇ ਆਖਰੀ ਮਾਹਵਾਰੀ ਤਰੀਕ ਤੋਂ 150 ਦਿਨਾਂ ਦੇ ਅੰਦਰ-ਅੰਦਰ ਪੰਜੀਕਰਨ ਅਤੇ ਨੇਡ਼ਲੇ ਸਿਹਤ ਕੇਂਦਰ ਤੋਂ ਜੱਚਾ ਬੱਚਾ ਸਿਹਤ ਕਾਰਡ ਬਣਵਾਉਣਾ ਜ਼ਰੂਰੀ ਹੈ। 
ਉਨ੍ਹਾਂ ਕਿਹਾ ਕਿ ਮਾਂ ਬਣਨ ਵਾਲੀ ਅੌਰਤ ਨੂੰ 1000 ਰੁਪਏ ਦੀ ਪਹਿਲੀ ਕਿਸ਼ਤ ਗਰਭ ਰਜਿਸਟਰ ਕਰਵਾਉਣ ਸਮੇਂ ਦਿੱਤੀ ਜਾਂਦੀ ਹੈ ਜਦੋਂਕਿ 2000 ਰੁਪਏ ਦੀ ਦੂਜੀ ਕਿਸ਼ਤ ਗਰਭ ਦੇ 6 ਮਹੀਨੇ ’ਚ ਦੂਸਰੇ ਚੈੱਕਅਪ ਮੌਕੇ ਦਿੱਤੀ ਜਾਂਦੀ ਹੈ। ਤੀਜੀ ਕਿਸ਼ਤ ’ਚ 2000 ਰੁਪਏ ਨਵਜੰਮੇ ਬੱਚੇ ਦੇ ਪਹਿਲੇ ਗੇਡ਼ ਦਾ ਟੀਕਾਕਰਨ ਪੂਰਾ ਹੋਣ ’ਤੇ ਦਿੱਤੇ ਜਾਂਦੇ ਹਨ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ ਨੇ ਦੱਸਿਆ ਕਿ 1 ਜਨਵਰੀ 2017 ਤੋਂ ਬਾਅਦ ਪਹਿਲੀ ਵਾਰ ਮਾਂ ਬਣ ਚੁੱਕੀਆਂ ਅੌਰਤਾਂ ਵੀ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ ਅਤੇ ਇਹ ਲਾਭ ਕੇਵਲ ਪਹਿਲੇ ਬੱਚੇ ਦੇ ਜਣੇਪੇ ’ਤੇ ਹੀ ਅੌਰਤ ਨੂੰ ਮਿਲ ਸਕੇਗਾ। ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਨੇਡ਼ੇ ਦੇ ਆਂਗਨਵਾਡ਼ੀ ਸੈਂਟਰਾਂ ਜਾਂ ਬਾਲ ਵਿਕਾਸ ਅਤੇ ਪ੍ਰਾਜੈਕਟ ਅਫਸਰ ਦਫਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।