300 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ, ਮਾਮਲਾ ਦਰਜ

01/19/2020 12:09:22 AM

ਭਿੱਖੀਵਿੰਡ/ਖਾਲਡ਼ਾ, (ਭਾਟੀਆ)- ਥਾਣਾ ਭਿੱਖੀਵਿੰਡ ਦੀ ਪੁਲਸ ਵਲੋਂ ਅੱਜ ਕੈਸੋ ਅਾਪ੍ਰੇਸ਼ਨ ਦੌਰਾਨ ਇਕ ਵਿਅਕਤੀ ਨੂੰ 300 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਦੀ ਅਗਵਾਈ ’ਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਲਗਾਤਾਰ ਕੈਸੋ ਰਾਹੀਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਸੋ ਸਰਚ ਅਾਪ੍ਰੇਸ਼ਨ ਦੌਰਾਨ ਹਰਪਾਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਮਾਡ਼ੀ ਉਧੋਕੇ ਨੂੰ 300 ਨਸ਼ੇ ਵਾਲੀਆਂ ਗੋਲੀਆਂ ਟਰਾਮਾਡੋਲ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨੇ ਹਰਪਾਲ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਹੈ ਕਿ ਉਸ ਨੇ ਕੁੱਝ ਦਿਨ ਪਹਿਲਾਂ ਕਾਲੀਆ ਮੈਡੀਕਲ ਸਟੋਰ ਭਿੱਖੀਵਿੰਡ ਤੋਂ ਤਿੰਨ ਡੱਬੇ ਟਰਾਮਾਡੋਲ ਗੋਲੀਆਂ ਦੇ ਖਰੀਦੇ ਸਨ। ਜੋ ਚੱਲ ਫਿਰ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਵੇਚ ਦਿੱਤੀਆਂ ਸਨ। ਵਰਣਨਯੋਗ ਹੈ ਕਿ ਮੁਲਜ਼ਮ ਵਲੋਂ ਨਾਮਜ਼ਦ ਉਕਤ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਪਹਿਲਾਂ ਹੀ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਦੀ ਬਰਾਮਦਗੀ ’ਚ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ। ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਐੱਸ. ਐੱਸ. ਪੀ. ਤਰਨਤਾਰਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ ਜੰਗੀ ਪੱਧਰ ’ਤੇ ਮੁਹਿੰਮ ਚਲਾਈ ਹੋਈ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁੰਡਾਗਰਦੀ ਨੂੰ ਵੀ ਠੱਲ ਪਾਉਣ ’ਚ ਭਿੱਖੀਵਿੰਡ ਪੁਲਸ ਨੂੰ ਕਾਫੀ ਹੱਦ ਤੱਕ ਸਫਲਤਾ ਹਾਸਲ ਹੋਈ ਹੈ। ਇਸ ਮੌਕੇ ਐੱਸ. ਆਈ. ਪੰਨਾ ਲਾਲ, ਐੱਸ. ਆਈ. ਨਰਿੰਦਰ ਸਿੰਘ ਢੋਟੀ, ਏ. ਐੱਸ. ਆਈ. ਸੁਰਿੰਦਰ ਕੁਮਾਰ, ਏ. ਐੱਸ. ਅਾਈ. ਪਰਮਜੀਤ ਸਿੰਘ, ਮੁਨਸ਼ੀ ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।


Bharat Thapa

Content Editor

Related News