ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ 196 ਸ਼ਰਧਾਲੂ ਹੋਏ ਨਤਮਸਤਕ

11/18/2019 7:28:02 PM

ਡੇਰਾ ਬਾਬਾ ਨਾਨਕ, (ਵਤਨ)— ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ), ਜਿਸ ਦੀ ਮਿੱਟੀ ਨੂੰ ਛੂਹਣ ਲਈ ਲੱਖਾਂ ਕਰੋੜਾਂ ਸੰਗਤਾਂ ਵੱਲੋਂ 72 ਸਾਲ ਅਰਦਾਸਾਂ ਕੀਤੀਆਂ ਗਈਆਂ ਅਤੇ ਆਖਰਕਾਰ 9 ਨਵੰਬਰ 2019 ਨੂੰ ਉਹ ਸ਼ੁਭ ਦਿਹਾੜਾ ਬਣਿਆ ਜਦੋਂ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਇਹ ਲਾਂਘਾ ਖੁੱਲ੍ਹ ਗਿਆ। ਭਾਵੇਂ ਕਰਤਾਰਪੁਰ ਸਾਹਿਬ ਲਈ ਸ਼ਰਤਾਂ ਸਖ਼ਤ ਹੋਣ 'ਤੇ ਅਜੇ ਸਰਕਾਰਾਂ ਦੇ ਪ੍ਰਬੰਧ ਨਾਕਾਫੀ ਹੋਣ ਪਰ ਜਿਹੜੀ ਵੀ ਸੰਗਤ ਆਪਣੇ ਇਸ ਵਿਛੜੇ ਗੁਰਧਾਮ ਦੇ ਦਰਸ਼ਨ ਕਰ ਕੇ ਵਾਪਸ ਪਰਤਦੀ ਹੈ ਤਾਂ ਉਨ੍ਹਾਂ ਦੇ ਚਿਹਰਿਆਂ ਦੀ ਚਮਕ ਕੁਝ ਇੰਝ ਦਿਸਦੀ ਹੈ ਜਿਵੇਂ ਉਨ੍ਹਾਂ ਨੂੰ ਕੋਈ ਖਜ਼ਾਨਾ ਹੀ ਮਿਲ ਗਿਆ ਹੋਵੇ।
ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾਂ ਸੰਗਤਾਂ ਦਾ ਕਰਤਾਰਪੁਰ ਸਾਹਿਬ ਜਾਣ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਵੀ 196 ਸ਼ਰਧਾਲੂ ਲਾਂਘੇ ਰਾਹੀਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗਏ, ਜਿਨ੍ਹਾਂ 'ਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੀ ਸੰਗਤ ਵੀ ਸ਼ਾਮਲ ਸੀ।

ਕਰਤਾਰਪੁਰ ਸਾਹਿਬ ਜਾ ਕੇ ਇੰਝ ਲੱਗਿਆ ਜਿਵੇਂ ਉਹ ਬਾਬਾ ਨਾਨਕ ਨੂੰ ਮਿਲ ਕੇ ਆਏ ਹੋਣ
ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸੋਲਨ ਦੇ ਪਿੰਡ ਭਾਟੀਆਂ ਦੇ ਸਵਰਨ ਸਿੰਘ ਨੇ ਭਾਵੁਕ ਸ਼ਬਦਾਂ 'ਚ ਕਿਹਾ ਕਿ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਇੰਝ ਲੱਗਿਆ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਆਏ ਹੋਣ। ਉਨ੍ਹਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਦੀ ਧਰਤੀ 'ਤੇ ਵਿਸ਼ੇਸ਼ ਖਿੱਚ ਮਹਿਸੂਸ ਕੀਤੀ, ਜਿਥੇ ਬਾਬਾ ਨਾਨਕ ਜੀ ਨੇ ਖੇਤੀ ਕੀਤੀ ਅਤੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਉਪਦੇਸ਼ ਦਿੱਤਾ। ਸਵਰਨ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਕਈ ਦਹਾਕਿਆਂ ਤੋਂ ਇਹ ਇੱਛਾ ਸੀ ਕਿ ਉਹ ਗੁਰੂ ਨਾਨਕ ਦੀ ਇਸ ਦੀ ਧਰਤੀ ਨੂੰ ਸਜਦਾ ਕਰ ਸਕੇ ਅਤੇ ਅੱਜ ਗੁਰੂ ਵੱਲੋਂ ਕੀਤੀ ਮਿਹਰ ਨਾਲ ਉਹ ਪਤਨੀ ਸਮੇਤ ਗੁ. ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਇਆ ਹੈ।

ਪਾਕਿਸਤਾਨ ਸਰਕਾਰ ਦੇ ਪ੍ਰਬੰਧ ਲਾਮਿਸਾਲ
ਸਵਰਨ ਸਿੰਘ ਦਾ ਕਹਿਣਾ ਸੀ ਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਵਾਲੇ ਪਾਸਿਉਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੇ ਸਵਾਗਤ ਦੇ ਪ੍ਰਬੰਧ ਲਾਮਿਸਾਲ ਹਨ ਅਤੇ ਸੰਗਤਾਂ ਦਾ ਦਿਲੋਂ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਵਾਲੇ ਅਸਥਾਨ 'ਤੇ ਲੰਗਰ ਅਤੇ ਸਫਾਈ ਦੇ ਪ੍ਰਬੰਧ ਬਹੁਤ ਵਧੀਆਂ ਹਨ।

ਗੁ. ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਮਿਲਦੀ ਹੈ ਸ਼ਾਂਤੀ
ਇਸੇ ਤਰ੍ਹਾਂ ਅਹਿਮਦਾਬਾਦ (ਗੁਜਰਾਤ) ਤੋਂ ਆਏ ਪਰਿਵਾਰ ਨੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨਾ ਅੱਜ ਸਾਡੀ ਜ਼ਿੰਦਗੀ ਦਾ ਇਕ ਸੁਨਹਿਰੀ ਦਿਨ ਬਣਨ ਗਿਆ। ਉਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਦਿਲ ਨੂੰ ਸਕੂਨ ਦੇਣ ਵਾਲੀ ਸ਼ਾਂਤੀ ਮਿਲੀ, ਜਿਸ ਨਾਲ ਉਹ ਕਾਫੀ ਹਲਕੇ ਫੁਲਕੇ ਮਹਿਸੂਸ ਕਰ ਰਹੇ ਹਨ ਅਤੇ ਮਨ ਪੂਰੀ ਤਰ੍ਹਾਂ ਨਾਲ ਸ਼ਾਂਤ ਹੋ ਗਿਆ ਹੈ ਜਿਵੇਂ ਜਨਮ ਤੋਂ ਵਿਛੜੀ ਕੋਈ ਬੇਸ਼ਕੀਮਤੀ ਚੀਜ਼ ਮਿਲ ਗਈ ਹੋਵੇ।

ਪਾਸਪੋਰਟ ਅਤੇ 12 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ
ਅੱਜ ਵੀ 'ਜਗ ਬਾਣੀ' ਵੱਲੋਂ ਜਦੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦਾ ਦੌਰਾ ਕੀਤਾ ਗਿਆ ਤਾਂ ਉਥੇ ਸ਼ਰਧਾਲੂਆਂ ਦੀ ਕਾਫੀ ਚਹਿਲ-ਪਹਿਲ ਸੀ ਅਤੇ ਦੂਰ-ਦੁਰਾਡੇ ਤੋਂ ਲੋਕ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ ਅਤੇ ਸੰਗਤਾਂ ਵਾਰ-ਵਾਰ ਇਹੀ ਮੰਗ ਕਰ ਰਹੀਆਂ ਹਨ ਕਿ ਪਾਸਪੋਰਟ ਦੀ ਸ਼ਰਤ ਅਤੇ 12 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਨ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ।


KamalJeet Singh

Content Editor

Related News