ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ 190 ਗ੍ਰਾਮ ਹੈਰੋਇਨ, 763 ਗੋਲੀਆਂ, ਇਕ ਛੋਟਾ ਹਾਥੀ ਸਮੇਤ 4 ਗ੍ਰਿਫਤਾਰ

11/25/2018 1:50:20 AM

 ਤਰਨਤਾਰਨ,  (ਰਾਜੂ)-  ਜ਼ਿਲਾ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਚਲਾਈ  ਗਈ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ ਵੱਖ-ਵੱਖ ਕੇਸਾਂ ਰਾਹੀਂ 190 ਗ੍ਰਾਮ ਹੈਰੋਇਨ, 763 ਨਸ਼ੇ ਵਾਲੀਆਂ ਗੋਲੀਆਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਕੱਚਾ-ਪੱਕਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਚੌਰਸਤਾ ਭੈਣੀ ਗੁਰਮੁੱਖ ਸਿੰਘ ਵਿਖੇ ਦੌਰਾਨੇ ਗਸ਼ਤ ਇਕ ਛੋਟਾ ਹਾਥੀ ਨੰਬਰ ਪੀ. ਬੀ.-06, ਐੱਲ-2949 ਨੂੰ ਸ਼ੱਕ ਦੇ ਅਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਚਾਲਕ ਨੂੰ ਉਤਾਰ ਕੇ ਛੋਟੇ ਹਾਥੀ ਦੇ ਡੈਸ਼ ਬੋਰਡ ਦੀ ਤਲਾਸ਼ੀ ਲਈ ਗਈ, ਜਿਸ ਵਿਚ ਮੌਜੂਦ ਕਾਲੇ ਰੰਗ ਦੇ ਲਿਫਾਫੇ ’ਚੋਂ ਸੰਤਰੀ ਰੰਗ ਦੀਆਂ 763 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਬਲਜਿੰਦਰ ਸਿੰਘ ਉਰਫ ਬਾਵਾ ਪੁਤਰ ਰਤਨ ਸਿੰਘ ਵਾਸੀ ਬੂਡ਼ ਚੰਦ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਨ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਐੱਸ. ਆਈ. ਪਰਮਜੀਤ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਉਹ ਝਬਾਲ ਤੋਂ ਗੰਡੀਵਿੰਡ ਸਰਾਏ ਅਮਾਨਤ ਖਾਂ ਤੋਂ ਭੂਸੇ ਜਾ ਰਹੇ ਸੀ ਅਤੇ ਮੋਡ਼ ਭੂਸੇ ਵਿਖੇ ਸਾਹਮਣੇ ਤੋਂ ਆ ਰਹੇ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ.-02, ਆਈ-1630 ਦੇ ਚਾਲਕ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ ਗਿਆ। ਜਿਸ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਲਵਪ੍ਰੀਤ ਸਿੰਘ ਸੋਨੂੰ ਪੁਤਰ ਬਲਕਾਰ ਸਿੰਘ ਵਾਸੀ ਮਾਣਕਪੁਰਾ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਨਾਰਕੋਟਿਕ ਸਟਾਫ ਦੇ ਐੱਸ. ਆਈ. ਬਲਰਾਜ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਝਬਾਲ ਤੋਂ ਸਰਾਏ ਅਮਾਨਤ ਖਾਂ ਜਾਂਦੇ ਸਮੇਂ ਟੀ-ਪੁਆਇੰਟ ਚੀਮਾ ਵਿਖੇ ਇਕ ਵਿਅਕਤੀ ਨੂੰ ਸ਼ੱਕ ਦੇ ਬਿਨਾ ’ਤੇ ਰੋਕ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਦੋਸ਼ੀ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਬਾਜ ਸਿੰਘ ਵਾਸੀ ਚੀਮਾ ਖੁਰਦ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।