ਇਨੋਵਾ ਗੱਡੀ ਦੀ ਟੱਕਰ ''ਚ 1 ਦੀ ਮੌਤ

01/01/2020 12:38:46 AM

ਤਰਨਤਾਰਨ, (ਰਾਜੂ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪੈਂਦੇ ਬਾਠ ਰੋਡ ਤਰਨਤਾਰਨ ਸਥਿਤ ਪੁਲ ਦੇ ਨਜ਼ਦੀਕ ਤੇਜ਼ ਰਫਤਾਰ ਇਨੋਵਾ ਚਾਲਕ ਵਲੋਂ ਟੱਕਰ ਮਾਰਨ ਨਾਲ ਮਹਿੰਦਰਾ ਪਿਕਅੱਪ ਗੱਡੀ ਦੇ ਡਰਾਈਵਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਲਦੇਵ ਰਾਮ ਪੁੱਤਰ ਮੁਖਤਿਆਰ ਰਾਮ ਵਾਸੀ ਪਿੰਡ ਗਹਿਰੀ ਜ਼ਿਲਾ ਬਠਿੰਡਾ ਨੇ ਦੱਸਿਆ ਕਿ ਉਹ ਮਹਿੰਦਰਾ ਪਿਕਅਪ ਗੱਡੀ ਨੰਬਰ ਪੀ. ਬੀ. 31.0395 'ਤੇ ਬਤੌਰ ਕੰਡਕਟਰ ਵਜੋਂ ਕੰਮ ਕਰਦਾ ਹੈ। ਬੀਤੇ ਦਿਨੀਂ ਉਹ ਡਰਾਈਵਰ ਸੀਰਾ ਸਿੰਘ (40) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਠੂਠਿਆਂਵਾਲਾ ਥਾਣਾ ਮਾਨਸਾ ਦੇ ਨਾਲ ਪਿੰਡ ਰਾਮਪੁਰਾ ਤੋਂ ਟਾਈਲਾਂ ਲੱਦ ਕੇ ਅੰਮ੍ਰਿਤਸਰ ਨੂੰ ਜਾ ਰਹੇ ਸੀ। ਜਦ ਤਰਨਤਾਰਨ ਦੇ ਕੋਲ ਬਾਠ ਰੋਡ ਵਾਲੇ ਹਾਈਵੇ ਪੁਲ ਕੋਲ ਪਹੁੰਚੇ ਤਾਂ ਗੱਡੀ ਖਰਾਬ ਹੋ ਗਈ, ਜਿਸ 'ਤੇ ਉਹ ਗੱਡੀ ਸਾਈਡ 'ਤੇ ਕਰਵਾ ਰਿਹਾ ਸੀ ਤਾਂ ਅਚਾਨਕ ਇਕ ਇਨੋਵਾ ਗੱਡੀ ਦੇ ਚਾਲਕ ਨੇ ਲਾਪਰਵਾਹੀ ਨਾਲ ਡਰਾਈਵਰ ਸੀਰਾ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਦ ਕਿ ਇਨੋਵਾ ਚਾਲਕ ਮੌਕੇ ਤੋਂ ਭੱਜ ਗਿਆ। ਉੱਧਰ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨੋਵਾ ਚਾਲਕ ਬਲਵੰਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗਾਰਡਨ ਕਾਲੋਨੀ ਪੱਟੀ ਵਿਰੁੱਧ ਮੁਕੱਦਮਾ ਨੰਬਰ 451 ਧਾਰਾ 304ਏ/279/427 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa