ਅੱਜਕੱਲ੍ਹ ਵੱਧ ਰਹੇ ਨੇ ਅਸਾਂ ਦੇ ਵਿਚ ਫਾਸਲੇ ਜ਼ਿਆਦਾ...

03/25/2016 5:36:43 PM

ਅੱਜਕੱਲ੍ਹ ਵੱਧ ਰਹੇ ਨੇ ਅਸਾਂ ਦੇ ਵਿਚ ਫਾਸਲੇ ਜ਼ਿਆਦਾ।
ਮੁਹੱਬਤ ਘੱਟ ਅਤੇ ਤਕਰਾਰ ਦੇ ਨੇ ਸਿਲਸਿਲੇ ਜ਼ਿਆਦਾ।

ਤਿਰਾ ਕਹਿਣਾ ਕਿ ਛੱਡੋ ਪਿਆਰ ਦੇ ਵਿਚ ਕੀ ਪਿਆ ਹੈ,
ਮਗਰ ਮੈਂ ਪਿਆਰ ਦੇ ਦੇਖੇ ਤੇਰੇ ਵਿਚ ਵਲਵਲੇ ਜ਼ਿਆਦਾ।

ਤਸੀਂ ਹੋ ਹੁਸਨ ਦੇ ਮਾਲਕ ਅਤੇ ਧੰਨਵਾਨ ਅਕਲਾਂ ਦੇ,
ਤੁਸਾਂ ਦੇ ਨਾਲ ਸਾਡੇ ਉੱਕਾ ਨਹੀਂ ਮੁਕਾਬਲੇ ਜ਼ਿਆਦਾ।

ਅਜਬ ਇਹ ਬਾਤ ਲਗਦੀ ਹੈ ਕਿ ਇਸ ਤੱਤੀ ਹਵਾ ਵੇਲੇ,
ਤੇਰੇ ਬਾਗ ਦੇ ਬੂਟੇ ਦਿਸਣ ਹਰਿਆਵਲੇ ਜ਼ਿਆਦਾ।

ਤੇਰੇ ਲਬਾਂ ਤੋਂ ਤਾਂ ਵੱਧ ਨਹੀਂ ਹੈ ਸ਼ਹਿਦ ਵੀ ਸ਼ੀਰੀਂ,
ਤੇਰੇ ਪਿਆਰ ਭਿੱਜੇ ਬੋਲ ਯਾਰ ਸੁਆਦਲੇ ਜ਼ਿਆਦਾ।

ਤੁਸੀਂ ਜੇ ਇਸ਼ਕ ਦਾ ਇਜ਼ਹਾਰ ਸਰੇ ਬਾਜ਼ਾਰ ਕਰ ਦਿੰਦੇ,
ਤਦ ਰਕੀਬ ਦੇ ਵਧਣੇ ਨਹੀਂ ਸੀ ਹੌਂਸਲੇ ਜ਼ਿਆਦਾ।

ਘਰੋਂ ''ਕੱਲੇ ਟੁਰੇ ਸਾਂ ਰਸਤੇ ਵਿਚ ਮਿਲ ਗਏ ਲੋਕੀਂ,
ਵੱਡੇ ਹੋ ਰਹੇ ਨੇ ਆਏ ਦਿਨ ਇਹ ਕਾਫਲੇ ਜ਼ਿਆਦਾ।

ਸ਼ਹਿਰ ਨੇ ਰਫਤਾ-ਰਫਤਾ ਖਾ ਲਏ ਜੰਗਲ ਤੇ ਬੀਆਬਾਨ,
ਜੰਗਲ ਨਾ ਰਹੇ ਤਾਂ ਹੋਣਗੇ ਕਿਉਂ ਘੌਂਸਲੇ ਜ਼ਿਆਦਾ।

''ਜ਼ਰਾ ਕੁਝ ਤੇਜ਼ ਚੱਲੋ ਦੋਸਤੋ'', ਕਹਿੰਦਾ ਏਂ ਹਰਦਮ ਤੂੰ,
ਤੇਰੇ ਪੈਰ “ਸਾਥੀ'''' ਲੱਗਣ ਪਏ ਉਤਾਵਲੇ ਜ਼ਿਆਦ।

(ਡਾ. ਸਾਥੀ ਲੁਧਿਆਣਵੀ-ਲੰਡਨ)