ਸੱਤਵੇਂ ਅਕਾਸ਼ ''ਤੇ ਹਾਂ

08/13/2015 10:15:42 PM

ਤਮੰਨਾ ਭਾਟੀਆ ਨੇ 2013 ਵਿਚ ਅਜੇ ਦੇਵਗਨ ਨਾਲ ਫਿਲਮ ''ਹਿੰਮਤਵਾਲਾ'' ਰਾਹੀਂ ਬਾਲੀਵੁਡ ਵਿਚ ਕਦਮ ਰੱਖਿਆ ਸੀ। ਇਹ ਫਿਲਮ ਸਫਲ ਨਹੀਂ ਹੋਈ। ਅਕਸ਼ੈ ਕੁਮਾਰ ਨਾਲ ਆਈ ਉਸਦੀ ਫਿਲਮ ''ਐਂਟਰਟੇਨਮੈਂਟ'' ਕਾਫੀ ਸਫਲ ਰਹੀ ਪਰ ਤਮੰਨਾ ਨੂੰ ਫਿਲਮਾਂ ਘੱਟ ਹੀ ਮਿਲੀਆਂ। ਹੁਣੇ ਜਿਹੇ ਹੀ ਉਹ ਤਾਮਿਲ ਤੇ ਤੇਲਗੂ ਫਿਲਮ ''ਬਾਹੂਬਲੀ'' ''ਚ ਨਜ਼ਰ ਆਈ ਸੀ, ਜੋ ਹਿੰਦੀ ''ਚ ਵੀ ਡਬ ਹੋ ਗਈ ਸੀ। ਇਸ ਫਿਲਮ ਨੇ ਕਾਫੀ ਸਫਲਤਾ ਹਾਸਿਲ ਕੀਤੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ''ਬਾਹੂਬਲੀ'' ਦੀ ਸ਼ਾਨਦਾਰ ਸਫਲਤਾ ਬਾਰੇ ਤੁਸੀ ਕੀ ਕਹੋਗੇ?
- ਇਹ ਸਫਲਤਾ ਦੇਖ ਕੇ ਮੈਂ ਆਪਣੇ-ਆਪ ਨੂੰ ਸੱਤਵੇਂ ਅਕਾਸ਼  ''ਤੇ ਮਹਿਸੂਸ ਕਰ ਰਹੀ ਹਾਂ। ਮੈਂ ਹਮੇਸ਼ਾ ਤੋਂ ਐੱਸ. ਐੱਸ. ਰਾਜਾ ਮੌਲੀ ਨਾਲ ਕੰਮ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਉਹ ਉੱਤਮ ਹਨ। ਮੈਂ ਇਸ ਫਿਲਮ ਦੇ ਦੂਜੇ ਪਾਰਟ ''ਚ ਵੀ ਦਿਖਾਈ ਦੇਵਾਂਗੀ।
* ਸਾਉੂਥ ਵਿਚ ਤੁਸੀਂ ਇਕ ਸੁਪਰਸਟਾਰ ਹੋ ਪਰ ਹਿੰਦੀ ਵਿਚ ਤੁਹਾਨੂੰ ਸਫਲਤਾ ਨਹੀਂ ਮਿਲੀ?
- ਹਿੰਦੀ ਵਿਚ ਮੈਨੂੰ ਸਫਲਤਾ ਨਾ ਮਿਲਣ ਦਾ ਅਰਥ ਇਹ ਨਹੀਂ ਕਿ ਮੈਂ ਮਿਹਨਤ ਨਹੀਂ ਕੀਤੀ ਸੀ ਜਾਂ ਚੰਗੀਆਂ ਫਿਲਮਾਂ ਨਹੀਂ ਸਨ। ਫਿਲਮਾਂ ਦੀ ਸਫਲਤਾ ਹਰ ਜਗ੍ਹਾ ਦਰਸ਼ਕਾਂ ''ਤੇ ਨਿਰਭਰ ਕਰਦੀ ਹੈ। ਉਹ ਕਈ ਵਾਰ ਚੰਗੀ ਫਿਲਮ ਨੂੰ ਵੀ ਨਕਾਰ ਦਿੰਦੇ ਹਨ ਅਤੇ ਕਈ ਵਾਰ ਖਰਾਬ ਫਿਲਮ ਵੀ ਸੁਪਰਹਿੱਟ ਹੋ ਜਾਂਦੀ ਹੈ। ਇਹੀ ਗਣਿਤ ਹੈ ਫਿਲਮ ਦੀ ਸਫਲਤਾ ਜਾਂ ਅਸਫਲਤਾ ਦਾ।
* ਤੁਸੀਂ ਕਈ ਸਿਤਾਰਿਆਂ ਨਾਲ ਵੱਡੇ ਬਜਟ ਦੀਆਂ ਹਿੰਦੀ ਫਿਲਮਾਂ ਕੀਤੀਆਂ ਪਰ ਗੱਲ ਨਹੀਂ ਬਣੀ?
- ਮੈਂ ਨਹੀਂ ਮੰਨਦੀ ਕਿ ਗੱਲ ਨਹੀਂ ਬਣੀ। ਅਕਸ਼ੈ ਨਾਲ ''ਐਂਟਰਟੇਨਮੈਂਟ'' ਨੇ ਚੰਗਾ ਬਿਜ਼ਨੈੱਸ ਕੀਤਾ। ਹੁਣ ਤੁਸੀਂ ਉਸ ਫਿਲਮ ਦੀ ਤੁਲਨਾ 100 ਕਰੋੜ ਵਾਲੀਆਂ ਫਿਲਮਾਂ ਨਾਲ ਕਰੋਗੇ ਤਾਂ ਇਹ ਠੀਕ ਨਹੀਂ ਹੋਵੇਗਾ ਕਿਉਂਕਿ ਮੇਰਾ ਮੰਨਣਾ ਹੈ ਕਿ ਹਰ ਫਿਲਮ 100 ਕਰੋੜ ਦੇ ਕਲੱਬ ਲਈ ਨਹੀਂ ਹੁੰਦੀ।
* ਖਬਰ ਹੈ ਕਿ ਤੁਸੀਂ ਫਿਰ ਅਕਸ਼ੈ ਕੁਮਾਰ ਦੇ ਸੰਪਰਕ ''ਚ ਹੋ?
- ਤੁਸੀਂ ਠੀਕ ਕਹਿ ਰਹੇ ਹੋ। ਮੈਂ ਅਕਸ਼ੈ ਦੀ ਬਹੁਤ ਇੱਜ਼ਤ ਕਰਦੀ ਹਾਂ। ਉਹ ਆਪਣੇ ਕੋ-ਸਟਾਰ ਨੂੰ ਜਿਸ ਤਰ੍ਹਾਂ ਦਾ ਪਰਿਵਾਰਕ ਮਾਹੌਲ ਦਿੰਦੇ ਹਨ, ਉਹ ਚੰਗਾ ਲਗਦਾ ਹੈ। ਇਸ ਲਈ ਫਿਲਮ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨਾਲ ਸੰਪਰਕ ''ਚ ਰਹਿੰਦੀ ਹਾਂ।
* ਅਜਿਹਾ ਤਾਂ ਨਹੀਂ ਕਿ ਬਾਲੀਵੁਡ ਵਿਚ ਪੈਰ ਟਿਕਾਉਣ ਵਿਚ ਦੱਖਣ ਦੀਆਂ ਫਿਲਮਾਂ ਰੋੜਾ ਬਣ ਰਹੀਆਂ ਹਨ?
- ਮੈਨੂੰ ਅਜਿਹਾ ਨਹੀਂ ਲਗਦਾ। ਬਾਲੀਵੁਡ ਦੀਆਂ ਕਈ ਹੀਰੋਇਨਾਂ ਦੀਪਿਕਾ, ਪ੍ਰਿਯੰਕਾ ਤੇ ਸੋਨਾਕਸ਼ੀ ਆਦਿ ਵਿਚ-ਵਿਚਾਲੇ ਸਾਉੂਥ ਦੀਆਂ ਫਿਲਮਾਂ ਕਰਦੀਆਂ ਰਹਿੰਦੀਆਂ ਹਨ।
* ਉਥੋਂ ਦੇ ਜ਼ਿਆਦਾਤਰ ਨਾਇਕਾਂ ਨਾਲ ਤੁਹਾਡੀ ਚੰਗੀ ਦੋਸਤੀ ਹੈ?
- ਅਸਲ ''ਚ ਨਾਲ ਕੰਮ ਕਰਨ  ਲਈ ਇਹ ਬਹੁਤ ਜ਼ਰੂਰੀ ਹੈ। ਜੇਕਰ ਉਹ ਮੇਰੇ ਤੋਂ ਸੀਨੀਅਰ ਹਨ ਤਾਂ ਇਸ ਦੋਸਤੀ ''ਚ ਇਕ ਸਨਮਾਨ ਵੀ ਰਹਿੰਦਾ ਹੈ।
- ਬਿਲਾਲ ਸਫੀ