ਕਾਫੀ ਕੁਝ ਗੁਆਇਆ

07/23/2015 8:27:05 AM

ਰਿਐਲਿਟੀ ਸ਼ੋਅ ''ਅਮੇਰਿਕਾਜ਼ ਨੈਕਸਟ ਟੌਪ ਮਾਡਲ'' ਦਾ ਕਿਸੇ ਸਮੇਂ ਹਿੱਸਾ ਰਹਿ ਚੁੱਕੀ ਨਰਗਿਸ ਨੇ ਬਾਲੀਵੁੱਡ ਵਿਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਲਿਆ ਅਤੇ ਭਾਰਤ ਆ ਗਈ। ਉਸ ਦੀ ਪਹਿਲੀ ਫਿਲਮ ''ਰੌਕਸਟਾਰ'' ਸੁਪਰਹਿਟ ਰਹੀ ਸੀ। ਹੁਣ ਤੱਕ ਪੰਜ ਫਿਲਮਾਂ ਕਰ ਚੁੱਕੀ ਨਰਗਿਸ ਹਾਲ ਹੀ ਵਿਚ ਹਾਲੀਵੁੱਡ ਫਿਲਮ ''ਸਪਾਈ'' ਵਿਚ ਦਿਖਾਈ ਦਿੱਤੀ, ਜੋ ਉਸ ਦੇ ਲਈ ਇਕ ਪ੍ਰਾਪਤੀ ਹੈ। ਫਿਲਹਾਲ ਇਕ ਹਿੰਦੀ ਫਿਲਮ ''ਅਜ਼ਹਰ'' ਤੋਂ ਇਲਾਵਾ ਉਹ ਕੁਝ ਦੱਖਣ ਭਾਰਤੀ ਫਿਲਮਾਂ ਵੀ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼¸
* ਤੁਸੀਂ ''ਸਪਾਈ'' ਜਿਹੀ ਵੱਡੀ ਹਾਲੀਵੁੱਡ ਫਿਲਮ ''ਚ ਕੰਮ ਕੀਤਾ, ਕੀ ਕਹਿਣਾ ਚਾਹੋਗੇ?
- ਮੀਡੀਆ ਥੋੜ੍ਹਾ ਜਿਹਾ ਅਜੀਬ ਕਿਸਮ ਦਾ ਹੈ। ਕਈਆਂ ਨੇ ਕਿਹਾ ਕਿ ਮੈਂ ਬਾਲੀਵੁੱਡ ਛੱਡ ਰਹੀ ਹਾਂ? ਉਨ੍ਹਾਂ ਨੇ ਇਸ ਨੂੰ ਨੈਗੇਟਿਵ ਐਂਗਲ ਨਾਲ ਦੇਖਿਆ। ਕਈਆਂ ਨੇ ਤਾਂ ਇਹ ਕਿਹਾ ਕਿ ਮੈਂ ਕੋਈ ਹੋਰ ਫਿਲਮ ਕਰਨ ਵਾਲੀ ਸੀ ਪਰ ਉਸ ਵਿਚ ਮੈਨੂੰ ਨਹੀਂ ਲਿਆ ਗਿਆ, ਇਸ ਲਈ ਮੈਂ ਇਹ ਫਿਲਮ ਕੀਤੀ। ਕੋਈ ਇਹ  ਕਹਿੰਦਾ ਹੈ ਕਿ ਇਸ ਦੀ ਮੈਨੂੰ ਪਰਵਾਹ ਨਹੀਂ। ਹਰ ਕੋਈ ਬਾਲੀਵੁੱਡ ਜਾਣਾ ਚਾਹੁੰਦਾ ਹੈ। ਉਂਝ ਵੀ ਮੈਂ ਮੂਲ ਰੂਪ ''ਚ ਅਮੇਰਿਕੀ ਹਾਂ।
* ਭਾਸ਼ਾ ਤੋਂ ਇਲਾਵਾ ਹਾਲੀਵੁੱਡ ਤੇ ਬਾਲੀਵੁੱਡ ''ਚ ਕੀ ਫਰਕ ਹੈ?
- ਹਾਲੀਵੁੱਡ ਵਿਚ ਸਮਾਂ ਹੀ ਪੈਸਾ ਹੈ। ਅਸੀਂ ਸ਼ੈਡਿਉੂਲ ਨਾਲ ਬੱਝ ਕੇ ਰਹਿਣਾ ਹੁੰਦਾ ਹੈ। ਜੇਕਰ ਮੈਂ ਸ਼ੈਡਿਉੂਲ ਤੋਂ 2-3 ਮਿੰਟ ਵੀ ਲੇਟ ਹੋ ਜਾਂਦੀ ਹਾਂ ਤਾਂ ਮੈਨੂੰ ਪੁੱਛਣ ਲਈ ਫੋਨ ਆਉਂਦਾ ਹੈ ਕਿ ਸਭ ਕੁਝ ਠੀਕ ਹੈ ਜਾਂ ਨਹੀਂ। ਉਥੇ ਸਭ ਪੈਸੇ ਦੇ ਅਨੁਸਾਰ ਹੁੰਦਾ ਹੈ। ਇਥੇ ਬਾਲੀਵੁੱਡ ''ਚ ਤਾਂ ਕਈ ਘੰਟੇ ਲੇਟ ਸ਼ੂਟਿੰਗ ਵੀ ਹੋ ਜਾਂਦੀ ਹੈ। ਇਥੇ ਫੈਮਿਲੀ ਸਟਾਈਲ ਚਲਦਾ ਹੈ। ਇਥੇ ਸਾਨੂੰ ਲਾਡ-ਪਿਆਰ ਵੀ ਬਹੁਤ ਮਿਲਦਾ ਹੈ। ਅਜਿਹਾ ਲੱਗਦਾ ਹੈ ਜਿਵੇਂ ਅਸੀਂ ਰਾਜਕੁਮਾਰੀਆਂ ਹਾਂ। ਕਹਿ ਸਕਦੇ ਹਾਂ ਕਿ ਹਾਲੀਵੁੱਡ ਤੋਂ ਕੁਝ ਜ਼ਿਆਦਾ ਹੀ ਮਿਲਦਾ ਹੈ ਬਾਲੀਵੁੱਡ ''ਚ।
* ਹੁਣ ਭਾਰਤ ''ਚ ਇਕੱਲੇ ਕਿਵੇਂ ਮੈਨੇਜ ਕਰ ਰਹੇ ਹੋ?
- ਮੈਂ ਜ਼ਿੰਦਗੀ ''ਚ ਖੁਦ ਨੂੰ ਕਦੇ ਇਕੱਲਾ ਨਹੀਂ ਸਮਝਿਆ ਸੀ, ਜਿੰਨਾ ਇਥੇ ਆਉਣ ਤੋਂ ਬਾਅਦ ਮਹਿਸੂਸ ਕੀਤਾ। ਮੇਰੇ ਲਈ ਇਥੇ ਕੋਈ ''ਸਪੋਰਟ ਸਿਸਟਮ'' ਨਹੀਂ ਹੈ। ਮੈਨੂੰ ਆਪਣੀ ਮਾਂ ਅਤੇ ਦੋਸਤ ਬਹੁਤ ਯਾਦ ਆਉਂਦੇ ਹਨ। ਉਂਝ ਮੈਂ ਸੋਸ਼ਲ ਨੈੱਟਵਰਕਿੰਗ ਰਾਹੀਂ ਸੰਪਰਕ ''ਚ ਰਹਿੰਦੀ ਹਾਂ। ਉਂਝ ਮੇਰੀ ਮੈਨੇਜਰ ਵੀ ਕਾਫੀ ਸਹਾਇਤਾ ਕਰਦੀ ਹੈ, ਮੈਂ ਉਸ ਨੂੰ ਆਪਣਾ ਦੋਸਤ ਮੰਨਦੀ ਹਾਂ।
* ਆਲੋਚਨਾ ਨੂੰ ਕਿਵੇਂ ਲੈਂਦੇ ਹੋ?
- ਮੈਂ ਮਨੁੱਖੀ ਮਨੋਵਿਗਿਆਨ ਬਾਰੇ ਪੜ੍ਹਿਆ ਹੈ। ਸੰਤੁਲਨ ਬਣਾਈ ਰੱਖੋ ਅਤੇ ਇਹ ਮੰਨ ਕੇ ਚੱਲੋ ਕਿ ਸਾਡੀ ਜ਼ਿੰਦਗੀ ''ਚ ਜੋ ਕੋਈ ਵੀ, ਜੋ ਕੁਝ ਵੀ ਹੈ, ਉਹ ਅਸਥਾਈ ਹੈ। ਲੋਕ ਇਕ ਦਿਨ ਤੁਹਾਡੀ ਆਲੋਚਨਾ ਕਰਦੇ ਹਨ ਤਾਂ ਦੂਜੇ ਦਿਨ ਤਾਰੀਫ। ਮੇਰਾ ਮੋਟੋ ਹੈ ਕਿਸੇ ਵੀ ਚੀਜ਼ ਨਾਲ ਚਿਪਕੇ ਨਹੀਂ ਰਹਿਣਾ। ਮੈਂ ਆਲੋਚਨਾ ਹੀ ਨਹੀਂ, ਪ੍ਰਸ਼ੰਸਾ ਵੀ ਸਵੀਕਾਰ ਕਰਦੀ ਹਾਂ।
* ਕੀ ਗਲੈਮਰ ਇੰਡਸਟਰੀ ਦਾ ਹਿੱਸਾ ਹੋਣ ਦਾ ਨੁਕਸਾਨ ਵੀ ਹੈ?
- ਮੇਰਾ ਕੰਮ ਓਨਾ ਗਲੈਮਰਸ ਨਹੀਂ ਹੈ, ਜਿੰਨਾ ਲੱਗਦਾ ਹੈ। ਮੈਂ ਬਹੁਤ ਕੁਝ ਪ੍ਰਾਪਤ ਕੀਤਾ ਤੇ ਕਾਫੀ ਕੁਝ ਗੁਆਇਆ ਹੈ। ਮੈਨੂੰ ਐਕਟਿੰਗ ਨਾਲ ਪਿਆਰ ਹੈ ਅਤੇ ਇਹ ਜ਼ਿੰਦਗੀ ਦਾ ਦਿਲਚਸਪ ਅਨੁਭਵ ਵੀ ਹੈ ਪਰ ਇਸ ਦੇ ਸਾਈਡ ਇਫੈਕਟਸ ਵੀ ਹਨ। ਇਥੇ ਰਹਿਣਾ ਅਤੇ ਐਡਜਸਟ ਕਰਨਾ ਵੀ ਆਸਾਨ ਨਹੀਂ। ਇਸ ਲਈ ਦਿਮਾਗ ''ਚ ਹਮੇਸ਼ਾ ਇਕ ਲੜਾਈ ਚੱਲਦੀ ਰਹਿੰਦੀ ਹੈ ਕਿ ਮੈਂ ਆਖਿਰ ਜ਼ਿੰਦਗੀ ਤੋਂ ਕੀ ਚਾਹੁੰਦੀ ਹਾਂ।
* ਤੁਸੀਂ ਕਈ ਦੇਸ਼ਾਂ ''ਚ ਰਹਿ ਚੁੱਕੇ ਹੋ, ਘੁੰਮਣ-ਫਿਰਨ ਦੇ ਸ਼ੌਕੀਨ ਹੋ?
- ਮੈਂ ਹਮੇਸ਼ਾ ਆਜ਼ਾਦ ਰਹੀ ਹਾਂ। ਮੈਂ ਪਿਛਲੇ ਕਈ ਸਾਲਾਂ ਤੋਂ ਸਫਰ ਹੀ ਕਰ ਰਹੀ ਹਾਂ। ਮੈਂ ਖੁਦ ਆਪਣਾ ਘਰ ਹਾਂ। ਕਦੇ ਵੀ ਕਿਤੇ ਵੀ ਰਹਿ ਸਕਦੀ ਹਾਂ। ਮੈਨੂੰ ਵੱਖ-ਵੱਖ ਦੇਸ਼ਾਂ ''ਚ ਜਾਣ ਨਾਲ ਰੋਮਾਂਚ ਮਹਿਸੂਸ ਹੁੰਦਾ ਹੈ। ਇਹ ਪਹਿਲੀ ਵਾਰ ਹੈ ਕਿ ਮੈਂ ਕਿਸੇ ਇਕ ਜਗ੍ਹਾ ''ਤੇ ਇੰਨੇ ਲੰਬੇ ਸਮੇਂ ਤੱਕ ਰਹੀ ਹਾਂ।