ਟੀ. ਵੀ. ਸੀਰੀਅਲ ''ਚ ਦਿਸੇਗੀ ਡਿੰਪਲ ਅਰੋੜਾ

Thursday, Jul 23, 2015 - 08:22 AM (IST)

ਟੀ. ਵੀ. ਸੀਰੀਅਲ ''ਚ ਦਿਸੇਗੀ ਡਿੰਪਲ ਅਰੋੜਾ

ਜ਼ਿੰਦਗੀ ਦੀ ਮਸਤ ਚਾਲੇ ਚੱਲਣ ਵਾਲੀ ਫਿਲਮ ਅਦਾਕਾਰਾ ਡਿੰਪਲ ਅਰੋੜਾ ਫਿਲਮ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਲਈ ਵਚਨਬੱਧ ਹੈ। ਉਸ ਦਾ ਕਹਿਣਾ ਹੈ ਕਿ ਮਿਹਨਤ ਅਤੇ ਸੰਘਰਸ਼ ਕਰ ਕੇ ਇਨਸਾਨ ਜੇ ਚਾਹੇ ਤਾਂ ਕੀ ਨਹੀਂ ਹਾਸਲ ਕਰ ਸਕਦਾ?
ਸਨਅਤੀ ਸ਼ਹਿਰ ਲੁਧਿਆਣਾ ਦੀ ਜੰਮਪਲ ਡਿੰਪਲ ਅਰੋੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੰਗ-ਮੰਚ ਅਤੇ ਮਾਡਲਿੰਗ ਨਾਲ ਕੀਤੀ। ਉਸ ਨੇ ਪੰਜਾਬ ਦੀ ਪਹਿਲੀ ਵੀਡੀਓ ਫਿਲਮ ''ਮੰਤਵ'' ਵਿਚ ਬਤੌਰ ਨਾਇਕਾ ਕੰਮ ਕੀਤਾ ਸੀ। ਇਹ ਇਕ ਅਰਧ ਕਲਾਤਮਕ ਫਿਲਮ ਸੀ, ਜਿਸ ਦਾ ਨਿਰਮਾਣ ਆਮ ਫੀਚਰ ਫਿਲਮਾਂ ਵਾਂਗ ਹੀ ਕੀਤਾ ਗਿਆ ਸੀ ਅਤੇ ਉਨ੍ਹਾਂ ਦਿਨਾਂ ਵਿਚ ਇਸ ਫਿਲਮ ''ਤੇ ਕਾਫੀ ਖਰਚਾ ਆਇਆ ਸੀ। ਇਸ ਫਿਲਮ ਵਿਚ ਕੰਮ ਕਰਨ ਤੋਂ ਬਾਅਦ ਡਿੰਪਲ ਨੇ ਮੁੰਬਈ ਵੱਲ ਆਪਣਾ ਰੁਖ਼ ਕੀਤਾ ਅਤੇ ਫਿਲਮ ਲਾਈਨ ਵਿਚ ਸਥਾਪਿਤ ਹੋਣ ਲਈ ਸੰਘਰਸ਼ ਕਰਨ ਲੱਗੀ। ਉੱਚੀ ਲੰਮੀ, ਗੋਰੇ ਰੰਗ ਅਤੇ ਤਿੱਖੇ ਨੈਣ ਨਕਸ਼ ਵਾਲੀ ਡਿੰਪਲ ਨੇ ਅੱਜ ਵੀ ਆਪਣੇ ਆਪ ਨੂੰ ਮੇਨਟੇਨ ਰੱਖਿਆ ਹੋਇਆ ਹੈ।
ਇਨ੍ਹਾਂ ਦਿਨਾਂ ਵਿਚ ਲੁਧਿਆਣਾ ਆਈ ਡਿੰਪਲ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਮੁੰਬਈ ਜਾ ਕੇ  ਉਸ ਨੇ ਕਾਫੀ ਸੰਘਰਸ਼ ਕੀਤਾ ਅਤੇ ਫਿਰ ਉਸ ਨੂੰ ਪੰਜਾਬੀ ਫੀਚਰ ਫਿਲਮ ''ਪਗੜੀ ਸੰਭਾਲ ਜੱਟਾ'' ਵਿਚ ਬਤੌਰ ਮੁੱਖ ਨਾਇਕਾ ਅਭਿਨੈ ਦਾ ਮੌਕਾ ਮਿਲਿਆ। ਫਿਲਮ ਵਿਚ ਯੋਗਰਾਜ ਅਤੇ ਦਾਰਾ ਸਿੰਘ ਜਿਹੇ ਨਾਮਵਰ ਕਲਾਕਾਰ ਵੀ ਸਨ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਡਿੰਪਲ ਲਈ ਜਿਵੇਂ ਪੇਸ਼ਕਸ਼ਾਂ ਦੀ ਝੜੀ ਲੱਗ ਗਈ। ਉਸ ਨੇ ਰਾਜ ਬੱਬਰ, ਰਿਸ਼ੀ ਕਪੂਰ ਅਤੇ ਹੋਰ ਕਲਾਕਾਰਾਂ ਨਾਲ ਫਿਲਮ ''ਅਮੀਰੀ ਗਰੀਬੀ'' ਵਿਚ ਕੰਮ ਕੀਤਾ। ਇਸ ਉਪਰੰਤ ਉਸ ਨੇ ਫਿਲਮ ''ਆਜ ਕੀ ਔਰਤ'' ਵਿਚ ਡਿੰਪਲ ਕਪਾਡੀਆ ਨਾਲ ਇਕ ਯਾਦਗਾਰੀ ਭੂਮਿਕਾ ਨਿਭਾਈ। ਫਿਲਮ ''ਬੇਨਾਮ ਬਾਦਸ਼ਾਹ'' ਵਿਚ ਉਸ ਨੇ ਇਕ ਗੂੰਗੀ ਲੜਕੀ ਦਾ ਕਿਰਦਾਰ ਨਿਭਾਇਆ।
ਫਿਲਮ ਜਗਤ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਬਾਸੂ ਚੈਟਰਜੀ ਦੀ ਆਰਟ ਫਿਲਮ ''ਕਮਲਾ ਕੀ ਮੌਤ'' ਵਿਚ ਅਭਿਨੈ ਕਰ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਇਸ ਫਿਲਮ ਨੂੰ ਸਰਵੋਤਮ ਫਿਲਮ ਦਾ ਐਵਾਰਡ ਵੀ ਮਿਲਿਆ। ਆਪਣੀ ਨਿਵੇਕਲੀ ਅਦਾਕਾਰੀ ਨਾਲ ਫਿਲਮ ਜਗਤ ਨਾਲ ਨਾਮਣਾ ਖੱਟਣ ਵਾਲੇ ਅਨੁਪਮ ਖੇਰ ਨਾਲ ਉਸ ਦੀ ਇਕ ਹੋਰ ਕਲਾਤਮਕ ਫਿਲਮ ''ਮਾਈ ਸਟੋਰੀ'' ਜਲਦੀ ਰਿਲੀਜ਼ ਹੋ ਰਹੀ ਹੈ। ਫਿਲਮ ਖੇਤਰ ਦੇ ਨਾਲ-ਨਾਲ ਉਸ ਨੇ ਮਾਡਲਿੰਗ ਵਿਚ ਵੀ ਆਪਣਾ ਹੱਥ ਅਜ਼ਮਾਇਆ ਅਤੇ ਡਿਊਕ, ਡਨਲੱਪ, ਵੀਡੀਓਕਾਨ, ਵੀਨਸ ਅਤੇ ਲਿੱਜਤ ਮਸਾਲੇ ਨਾਲ ਸੰਬੰਧਤ ਕੰਪਨੀ ਦੀਆਂ ਐਡਜ਼ ਕਰ ਕੇ ਇਸ ਖੇਤਰ ਆਪਣਾ ਚੰਗਾ ਨਾਮ ਬਣਾਇਆ।
ਡਿੰਪਲ ਨੇ ਕੁਝ ਟੀ. ਵੀ. ਸੀਰੀਅਲ ਵੀ ਕੀਤੇ, ਜਿਨ੍ਹਾਂ ਵਿਚ ''ਮਿੱਟੀ ਕੇ ਰੰਗ'', ''ਸੀ. ਆਈ. ਡੀ.'', ''ਚਾਚਾ ਚੌਧਰੀ'' ਵਰਣਨਯੋਗ ਹਨ। ਕੁਝ ਸਾਲ ਲੰਡਨ ਅਤੇ ਇਟਲੀ ਵਿਚ ਕੁਝ ਨਵੇਂ ਪ੍ਰਾਜੈਕਟਾਂ ''ਤੇ ਕੰਮ ਕਰਨ ਪਿੱਛੋਂ ਉਹ ਅੱਜਕਲ ਕੁਝ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ''ਤੇ ਵਿਚਾਰ ਕਰ ਰਹੀ ਹੈ, ਜਦੋਂਕਿ ਕੁਝ ਟੀ.ਵੀ. ਸੀਰੀਅਲਜ਼ ਵਿਚ ਕੰਮ ਕਰਨ ਬਾਰੇ ਵੀ ਸੰਜੀਦਗੀ ਨਾਲ ਸੋਚ ਰਹੀ ਹੈ।                                    
—ਕੇ. ਮਨਜੀਤ


Related News