ਕਿਸੇ ਨੇ ਪ੍ਰਪੋਜ਼ ਹੀ ਨਹੀਂ ਕੀਤਾ
Thursday, Jul 16, 2015 - 08:02 AM (IST)

ਬਾਲੀਵੁੱਡ ਦੇ ਤਿੰਨ ਖਾਨਾਂ ''ਚੋਂ ਇਕ ਸਲਮਾਨ ਖਾਨ ਓਸੇ ਕੱਦ ਦੇ ਅਭਿਨੇਤਾ ਹਨ, ਜਿਸ ਦੇ ਬਾਕੀ ਦੋਵੇਂ ਖਾਨ ਅਰਥਾਤ ਸ਼ਾਹਰੁਖ਼ ਤੇ ਆਮਿਰ ਖਾਨ। ਸਲਮਾਨ ਖਾਨ ਫਿਲਮ ਦੇ ਸੁਪਰ-ਡੁਪਰ ਹੋਣ ਦੀ ਗਾਰੰਟੀ ਬਣ ਚੁੱਕੇ ਹਨ। ਉਨ੍ਹਾਂ ਦੀ ਫਿਲਮ ''ਬਜਰੰਗੀ ਭਾਈਜਾਨ'' ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਉਹ ''ਪ੍ਰੇਮ ਰਤਨ ਧਨ ਪਾਇਓ'' ਦੀ ਸ਼ੂਟਿੰਗ ਵੀ ਕਰ ਰਹੇ ਹਨ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼¸
* ਸ਼ਾਹਿਦ ਕਪੂਰ ਨੇ ਅਰੇਂਜਡ ਮੈਰਿਜ ਕਰਵਾਈ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?
- ਅਰੇਂਜਡ ਮੈਰਿਜ ਚੰਗੀ ਗੱਲ ਹੈ, ਮੈਂ ਹਰ ਕਿਸੇ ਨੂੰ ਇੰਝ ਕਰਨ ਲਈ ਆਖਾਂਗਾ।
* ਕੀ ਤੁਸੀਂ ਵੀ ਅਰੇਂਜਡ ਮੈਰਿਜ ਕਰਵਾਓਗੇ?
- ਅਜੇ ਤਕ ਮੈਨੂੰ ਕਿਸੇ ਪਾਸਿਓਂ ਪ੍ਰਪੋਜ਼ਲ ਨਹੀਂ ਆਇਆ। ਜੇ ਕੋਈ ਮੈਨੂੰ ਪ੍ਰਪੋਜ਼ ਕਰੇਗਾ ਤਾਂ ਮੈਂ ਇਸ ''ਤੇ ਗੰਭੀਰਤਾ ਨਾਲ ਵਿਚਾਰ ਕਰਾਂਗਾ। ਮੈਂ ਅਰੇਂਜਡ ਮੈਰਿਜ ਲਈ ਓਪਨ ਹਾਂ। ਕਈ ਵਾਰ ਲਵ ਮੈਰਿਜ ਨਹੀਂ ਚੱਲਦੀ ਪਰ ਅਰੇਂਜਡ ਮੈਰਿਜ ਚੰਗੀ ਚੱਲਦੀ ਹੈ। ਕਈ ਵਾਰ ਬਿਲਕੁਲ ਉਲਟਾ ਹੁੰਦਾ ਹੈ। ਇਹ ਸਭ ਪਤੀ-ਪਤਨੀ ਦੋਵਾਂ ''ਤੇ ਨਿਰਭਰ ਕਰਦਾ ਹੈ ਕਿ ਉਹ ਦੋਵੇਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਲੈਂਦੇ ਹਨ।
* ਤੁਹਾਡਾ ਬੱਚਿਆਂ ਨਾਲ ਹਮੇਸ਼ਾ ਪਿਆਰ ਰਿਹਾ ਹੈ। ''ਬਜਰੰਗੀ ਭਾਈਜਾਨ'' ਵਿਚ ਹਰਸ਼ਾਲੀ ਮਲਹੋਤਰਾ ਵਰਗੀ ਨਿੱਕੀ ਬੱਚੀ ਨਾਲ ਕੰਮ ਕਰਕੇ ਕਿਵੇਂ ਮਹਿਸੂਸ ਹੋਇਆ?
- ਇਹ ਅਸਲ ''ਚ ਬਹੁਤ ਮੁਸ਼ਕਿਲ ਸੀ ਕਿਉਂਕਿ ਹਰਸ਼ਾਲੀ ਐਕਟਿੰਗ ਬਿਲਕੁਲ ਨਹੀਂ ਸੀ ਕਰ ਰਹੀ। ਉਹ ਤਾਂ ਜੋ ਅਸਲ ਵਿਚ ਹੈ, ਉਹ ਦਿਖਾ ਰਹੀ ਸੀ। ਦੂਜੇ ਪਾਸੇ ਮੈਂ ਕਿਉਂਕਿ ਵੱਡਾ ਸੀ ਅਤੇ ਐਕਟਿੰਗ ਕਰ ਰਿਹਾ ਸੀ। ਤੁਸੀਂ ਕਦੇ ਵੀ ਬੱਚਿਆਂ ਦੀ ਮਾਸੂਮੀਅਤ ਅਤੇ ਟਾਈਮਿੰਗ ਨਾਲ ਮੁਕਾਬਲਾ ਨਹੀਂ ਕਰ ਸਕਦੇ। ਹਰਸ਼ਾਲੀ ਨੇ ਫਿਲਮ ''ਚ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ।
* ਤੁਹਾਡੀਆਂ ਕਈ ਫਿਲਮਾਂ ''ਚ ਕਰੀਨਾ ਕਪੂਰ ਹੀ ਤੁਹਾਡੀ ਹੀਰੋਇਨ ਰਹੀ ਹੈ। ਤੁਸੀਂ ਇਕ ਵਾਰ ਫਿਰ ''ਬਜਰੰਗੀ ਭਾਈਜਾਨ'' ਵਿਚ ਉਸ ਨਾਲ ਕੰਮ ਕਰ ਰਹੇ ਹੋ?
- ਉਸ ਨਾਲ ਕੰਮ ਕਰਨਾ ਹਮੇਸ਼ਾ ਇਕ ਖੂਬਸੂਰਤ ਅਹਿਸਾਸ ਰਿਹਾ ਹੈ। ਆਨਸਕ੍ਰੀਨ ਅਤੇ ਆਫਸਕ੍ਰੀਨ ਕਰੀਨਾ ਨਾਲ ਮੇਰਾ ਰਿਸ਼ਤਾ ਬਹੁਤ ਹੀ ਵਧੀਆ ਰਿਹਾ ਹੈ। ਉਹ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੈ। ਉਹ ਸਾਡੇ ਸਾਹਮਣੇ ਹੀ ਵੱਡੀ ਹੋਈ ਹੈ, ਇਸ ਲਈ ਉਸ ਨਾਲ ਕੰਮ ਕਰਨਾ ਕਾਫੀ ਕੰਫਰਟੇਬਲ ਰਹਿੰਦਾ ਹੈ। ਹਾਲਾਂਕਿ ਕਰੀਨਾ ਬਾਕੀ ਫਿਲਮਾਂ ''ਚ ਇਕ ਸਟਾਰ ਹੁੰਦੀ ਹੈ ਪਰ ਮੇਰੇ ਨਾਲ ਨਾ ਤਾਂ ਉਹ ਸਟਾਰ ਹੈ ਅਤੇ ਨਾ ਉਸ ਲਈ ਮੈਂ ਸਟਾਰ ਹਾਂ।
* ਸੋਨਮ ਕਪੂਰ ਤੁਹਾਡੇ ਨਾਲ ''ਸਾਂਵਰੀਆ'' ਵਿਚ ਕੰਮ ਕਰ ਚੁੱਕੀ ਹੈ, ਹੁਣ ਉਹ ''ਪ੍ਰੇਮ ਰਤਨ ਧਨ ਪਾਇਓ'' ਵਿਚ ਤੁਹਾਡੀ ਹੀਰੋਇਨ ਹੈ, ਉਸ ਵਿਚ ਕੀ ਤਬਦੀਲੀ ਨਜ਼ਰ ਆਈ?
- ਇੰਨੀਆਂ ਫਿਲਮਾਂ ਕਰਨ ਪਿੱਛੋਂ ਐਕਟਰ ਦੇ ਤੌਰ ''ਤੇ ਉਸ ਦਾ ਕੰਮ ਬਿਹਤਰ ਹੋਇਆ ਹੈ। ਉਸ ਵਿਚ ਇਕ ਤਰ੍ਹਾਂ ਦੀ ਮਾਸੂਮੀਅਤ ਹੈ। ਉਹ ਜਿਹੜਾ ਕਿਰਦਾਰ ਨਿਭਾਉਂਦੀ ਹੈ, ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਦੀ ਹੈ, ਜਾਣਦੀ ਹੈ, ਜਿਸ ਦਾ ਅਰਥ ਹੈ ਕਿ ਤੁਸੀਂ 90 ਫੀਸਦੀ ਜਿੱਤ ਹਾਸਿਲ ਕਰ ਲਈ।