ਪੁਲਸ ਨੂੰ ਨਹੀਂ ਮਿਲੀ ਢਾਈ ਸਾਲਾ ਮਾਸੂਮ ਗੈਰੀ ਦੀ ਲਾਸ਼, ਲਗਾਤਾਰ ਕੀਤੀ ਜਾ ਰਹੀ ਭਾਲ

09/16/2022 8:20:09 PM

ਸਾਹਨੇਵਾਲ (ਜ.ਬ.) : ਪ੍ਰੇਮ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਹੋਣ ਵਾਲੇ ਕਥਿਤ ਲੜਾਈ-ਝਗੜੇ ਤੋਂ ਦੁਖੀ ਹੋ ਕੇ ਆਪਣੇ ਹੀ ਢਾਈ ਸਾਲਾ ਪੁੱਤਰ ਨੂੰ ਕਥਿਤ ਤੌਰ ’ਤੇ ਨਹਿਰ ’ਚ ਸੁੱਟ ਕੇ ਮਾਰਨ ਵਾਲੇ ਕਲਯੁਗੀ ਬਾਪ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਦੀ ਪੜਤਾਲ ਪੁਲਸ ਕਰ ਰਹੀ ਹੈ। ਗੁਰਥਲੀ ਪੁਲ਼ ਕੋਲ ਨਹਿਰ ’ਚ ਆਪਣੇ ਪੁੱਤਰ ਨੂੰ ਸੁੱਟਣ ਦਾ ਦਾਅਵਾ ਕਰਨ ਵਾਲੇ ਮੁਲਜ਼ਮ ਭੁਪਿੰਦਰ ਸਿੰਘ ਨੇ ਪੁਲਸ ਕੋਲ ਮੰਨਿਆ ਸੀ ਕਿ ਉਹ ਵੀ ਆਪਣੇ ਬੇਟੇ ਨਾਲ ਮਰਨ ਲਈ ਗਿਆ ਸੀ ਪਰ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਨ ਉਸ ਦਾ ਹੌਸਲਾ ਨਹਿਰ ’ਚ ਛਾਲ ਮਾਰਨ ਦਾ ਨਹੀਂ ਪਿਆ। ਜਿਸ ਤੋਂ ਬਾਅਦ ਉਹ ਬਚਦਾ ਬਚਾਉਂਦਾ ਕਈ ਹੋਟਲਾਂ ’ਚ ਲੁਕ ਕੇ ਰਹਿੰਦਾ ਰਿਹਾ।

ਥਾਣਾ ਮੁਖੀ ਕੁਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਨੇ ਜਿਸ ਹੋਟਲ ’ਚ ਰੁਕਣ ਦਾ ਜ਼ਿਕਰ ਕੀਤਾ ਅਤੇ ਜਿੱਥੇ-ਜਿੱਥੇ ਜਾ ਕੇ ਉਹ ਰੁਕਿਆ ਜਾਂ ਸ਼ਰਾਬ ਪੀਤੀ, ਪੁਲਸ ਨੇ ਉਸ ਦੀ ਫੋਨ ਲੋਕੇਸ਼ਨ ਦੇ ਨਾਲ ਹੀ ਮੌਕੇ ’ਤੇ ਜਾ ਕੇ ਵੀ ਜਾਂਚ ਕੀਤੀ, ਜਿਸ ’ਚ ਉਹ ਸੱਚ ਬੋਲ ਰਿਹਾ ਹੈ। ਉਸ ਵੱਲੋਂ ਦਿੱਤੇ ਗਏ ਬਿਆਨ ਸਹੀ ਪਾਏ ਗਏ ਹਨ ਕਿਉਂਕਿ ਪੁਲਸ ਨੇ ਉਸ ਦੀ ਹਰ ਇਕ ਕਹੀ ਗਈ ਗੱਲ ਦੀ ਪੂਰੀ ਤਰ੍ਹਾਂ ਪੜਚੋਲ ਕੀਤੀ ਹੈ। ਇਸ ਲਈ ਮੁਲਜ਼ਮ ਭੁਪਿੰਦਰ ਦੇ ਬਿਆਨਾਂ ਨੂੰ ਝੂਠ ਮੰਨਣ ਦਾ ਪੁਲਸ ਕੋਲ ਕੋਈ ਤਰਕ ਬਾਕੀ ਨਹੀਂ ਰਿਹਾ ਹੈ।

ਪਤਨੀ ਲਗਾ ਰਹੀ ਨਾਜਾਇਜ਼ ਸਬੰਧਾਂ ਦੇ ਦੋਸ਼

ਉੱਥੇ ਹੀ ਮੁਲਜ਼ਮ ਦੀ ਪਤਨੀ ਅਤੇ ਬੱਚੇ ਦੀ ਮਾਂ ਆਪਣੇ ਪਤੀ ’ਤੇ ਕਿਸੇ ਹੋਰ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਹੋਣ ਅਤੇ ਬੱਚੇ ਨੂੰ ਕਿਧਰੇ ਛੁਪਾ ਕੇ ਰੱਖਣ ਦੇ ਦੋਸ਼ ਲਗਾ ਰਹੀ ਹੈ। ਮਾਸੂਮ ਗੁਰਕੀਰਤ ਗੈਰੀ ਦੀ ਮਾਂ ਹਰਜੀਤ ਕੌਰ ਮੀਡੀਆ ’ਚ ਲਗਾਤਾਰ ਕਹਿ ਰਹੀ ਹੈ ਕਿ ਗੈਰੀ ਨੂੰ ਕਿਸੇ ਨਹਿਰ ’ਚ ਨਹੀਂ ਸੁੱਟਿਆ ਸਗੋਂ ਭੁਪਿੰਦਰ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹਨ, ਇਨ੍ਹਾਂ ਸਬੰਧਾਂ ਕਾਰਨ ਹੀ ਬੱਚੇ ਨੂੰ ਕਿਧਰੇ ਛੁਪਾ ਕੇ ਰੱਖਿਆ ਗਿਆ ਹੈ |

ਬੱਚੇ ਦੀ ਤਲਾਸ਼ ’ਚ ਬਠਿੰਡੇ ਤੱਕ ਪਹੁੰਚੀ ਪੁਲਸ

ਥਾਣਾ ਮੁਖੀ ਕੁਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਢਾਈ ਸਾਲਾ ਗੁਰਕੀਰਤ ਸਿੰਘ ਗੈਰੀ ਦੀ ਲਾਸ਼ ਦੀ ਤਲਾਸ਼ ’ਚ ਗੁਰਥਲੀ ਦੇ ਪੁਲ਼ ਤੋਂ ਲੈ ਕੇ ਬਠਿੰਡੇ ਤੱਕ ਪਹੁੰਚ ਕੇ ਤਲਾਸ਼ ਕਰ ਚੁੱਕੀ ਹੈ। ਇਸ ਦੇ ਨਾਲ ਹੀ ਨਹਿਰ ਉੱਪਰ ਪੈਂਦੇ ਥਾਣਿਆਂ ’ਚ ਪਿਛਲੇ 15 ਦਿਨਾਂ ਦੌਰਾਨ ਅਣਪਛਾਤੀਆਂ ਲਾਸ਼ਾਂ ਅਤੇ 174 ਦੀਆਂ ਕਾਰਵਾਈਆਂ ਦਾ ਰਿਕਾਰਡ ਵੀ ਖੰਗਾਲ ਚੁੱਕੀ ਹੈ। ਜਿਹੜੀਆਂ ਥਾਵਾਂ ’ਤੇ ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਉੱਥੇ ਵੀ ਰਿਕਾਰਡ ਚੈੱਕ ਕਰਨ ਦੇ ਨਾਲ ਹੀ ਪੁੱਛ-ਪੜਤਾਲ ਕੀਤੀ ਗਈ ਹੈ ਪਰ ਅਜੇ ਤੱਕ ਪੁਲਸ ਨੂੰ ਗੈਰੀ ਦੀ ਲਾਸ਼ ਨਹੀਂ ਮਿਲੀ।


Anuradha

Content Editor

Related News