ਕਰਤਾਰਪੁਰ ਲਾਂਘਾ ਦੋਵਾਂ ਦੇਸ਼ਾਂ ਦੀ ਸਾਂਝ ਦਾ ਪ੍ਰਤੀਕ ਬਣੇਗਾ : ਢੀਂਡਸਾ

12/12/2018 11:04:37 AM

ਲੁਧਿਆਣਾ (ਅਜਮੇਰ)-ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੀ ਆਪਸੀ ਸਾਂਝ ਦਾ ਪ੍ਰਤੀਕ ਬਣੇਗਾ। ਉਪਰੋਕਤ ਸ਼ਬਦ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨਾਈਟਿਡ ਸਿੱਖ ਮਿਸ਼ਨ ਦੇ ਮੁਖੀ ਰਛਪਾਲ ਸਿੰਘ ਢੀਂਡਸਾ ਨੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਇਕ ਗੈਰ-ਰਸਮੀ ਮੁਲਾਕਾਤ ਦੌਰਾਨ ਕਹੇ। ਇਸ ਮੌਕੇ ਉਨ੍ਹਾਂ ਨਾਲ ਉੱਘੇ ਸਮਾਜ ਸੇਵਕ ਸੁਲੱਖਣ ਸਿੰਘ ਗੋਸਲ ਸਰਪੰਚ ਰਟੈਂਡਾ ਅਤੇ ਜਗਰੂਪ ਸਿੰਘ ਵੀ ਸਨ। ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਵਾਰ ਪਾਕਿਸਤਾਨ ਦੀ ਯਾਤਰਾ ਕਰ ਕੇ ਗੁਰਧਾਮਾਂ ਦੇ ਦਰਸ਼ਨ ਕੀਤੇ ਅਤੇ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਤਾਂ ਉਨ੍ਹਾਂ ਦੇ ਦਿਲ ਵਿਚ ਇਹ ਉਮੰਗ ਜਾਗੀ ਕਿ ਇਹ ਗੁਰਦੁਆਰਾ ਭਾਰਤ ਸਰਹੱਦ ਦੇ ਬਿਲਕੁਲ ਲਾਗੇ ਹੈ ਕਿਉਂ ਨਾ ਇਸਦੇ ਦਰਸ਼ਨਾਂ ਲਈ ਬਿਨਾਂ ਰੋਕ-ਟੋਕ ਆਉਣ ਜਾਣ ਖੋਲ੍ਹੇ ਜਾਣ ਦੀ ਮੰਗ ਕੀਤੀ ਜਾਵੇ। ਇਸ ਸੋਚ ਨਾਲ ਉਨ੍ਹਾਂ ਨੇ 2004 ਵਿਚ ਯੂਨਾਈਟਿਡ ਸਿੱਖ ਮਿਸ਼ਨ ਸੰਸਥਾ ਦਾ ਗਠਨ ਕਰ ਕੇ ਇਹ ਮੰਗ ਉਠਾਈ ਅਤੇ ਇਸ ਸਬੰਧੀ ਇਕ ਕਿਤਾਬਚਾ ਤਿਆਰ ਕਰ ਕੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਅਤੇ ਇਸ ਦੇ ਕੋਰੀਡੋਰ ਦਾ ਨਕਸ਼ਾ ਵਿਸ਼ਵ ਪ੍ਰਸਿੱਧ ਆਰਕੀਟੈਕਟਾਂ ਤੋਂ ਤਿਆਰ ਕਰਵਾਇਆ ਗਿਆ ਸੀ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਖੁਸ਼ੀ ਹੋਈ ਹੈ ਕਿ ਜਿਹਡ਼ਾ ਸੁਪਨਾ ਉਨ੍ਹਾਂ ਸਮੇਤ ਸੈਂਕਡ਼ੇ ਸੰਗਤਾਂ ਨੇ ਖੁੱਲ੍ਹੀਆਂ ਅੱਖਾਂ ਨਾਲ ਵੇਖਿਆ ਸੀ ਉਹ ਪੂਰਾ ਹੋ ਗਿਆ ਹੈ, ਜਿਸ ਲਈ ਉਹ ਦੋਵਾਂ ਪਾਸਿਆਂ ਦੀ ਸਰਕਾਰਾਂ ਦਾ ਧੰਨਵਾਦ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਨੂੰ ਸਾਰੇ ਵਿਛਡ਼ੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਆਉਣ ਵਾਲੇ ਸਮੇਂ ਵਿਚ ਹੋਣ ਲੱਗ ਪੈਣ।